
ਭਾਜਪਾ ਨੇ ਐੱਨ.ਆਈ.ਏ. ਜਾਂਚ ਦੀ ਮੰਗ ਕੀਤੀ
ਬਾਰਾਸਾਤ (ਪਛਮੀ ਬੰਗਾਲ), 27 ਅਗੱਸਤ: ਪਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ’ਚ ਐਤਵਾਰ ਸਵੇਰੇ ਇਕ ਨਾਜਾਇਜ਼ ਪਟਾਕਾ ਫ਼ੈਕਟਰੀ ’ਚ ਹੋਏ ਧਮਾਕੇ ’ਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਪੁਲਿਸ ਨੇ ਦਸਿਆ ਕਿ ਧਮਾਕਾ ਉਸ ਸਮੇਂ ਹੋਇਆ, ਜਦੋਂ ਕੋਲਕਾਤਾ ਤੋਂ ਲਗਭਗ 30 ਕਿਲੋਮੀਟਰ ਉੱਤਰ ’ਚ ਦੱਤਾਪੁਕੁਰ ਪੁਲਿਸ ਥਾਣੇ ’ਚ ਨੀਲਗੰਜ ਦੇ ਮੋਸ਼ਪੋਲ ਇਲਾਕੇ ’ਚ ਕਈ ਲੋਕ ਪਟਾਕਾ ਫੈਕਟਰੀ ’ਚ ਕੰਮ ਕਰ ਰਹੇ ਸਨ। ਜ਼ਖ਼ਮੀਆਂ ’ਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਧਮਾਕਾ ਏਨਾ ਜ਼ੋਰਦਾਰ ਸੀ ਕਿ ਗੁਆਂਢ ਦੇ 50 ਤੋਂ ਵੱਧ ਮਕਾਨ ਅੰਸ਼ਕ ਰੂਪ ’ਚ ਨੁਕਸਾਨੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕਈ ਲੋਕ ਅਜੇ ਵੀ ਮਲਬੇ ’ਚ ਫਸੇ ਹੋਏ ਹਨ।
ਪੁਲਿਸ ਨੇ ਕਿਹਾ ਕਿ ਫੈਕਟਰੀ ਦੇ ਮਾਲਕ ਦਾ ਪੁੱਤਰ, ਜੋ ਅੱਜ ਸਵੇਰੇ ਉਥੇ ਕੰਮ ਕਰ ਰਿਹਾ ਸੀ, ਉਹ ਵੀ ਧਮਾਕੇ ’ਚ ਮਾਰਿਆ ਗਿਆ।
ਅਧਿਕਾਰੀ ਨੇ ਕਿਹਾ, ‘‘ਮਾਮਲੇ ਦੀ ਜਾਂਚ ਜਾਰੀ ਹੈ। ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਸਜ਼ਾ ਦਿਤੀ ਜਾਵੇਗੀ। ਅਜੇ ਬਚਾਅ ਮੁਹਿੰਮ ਜਾਰੀ ਹੈ।’’
ਇਹ ਪੁੱਛੇ ਜਾਣ ’ਤੇ ਕਿ ਕੀ ਫ਼ੈਕਟਰੀ ’ਚ ਪਟਾਕਿਆਂ ਦੇ ਪਰਦੇ ਹੇਠ ਬੰਬ ਬਣਾਏ ਜਾ ਰਹੇ ਸਨ, ਉਨ੍ਹਾਂ ਕਿਹਾ, ‘‘ਅਸੀਂ ਪਟਾਕੇ ਬਣਾਉਣ ’ਚ ਪ੍ਰਯੋਗ ਹੋਣ ਵਾਲਾ ਕੱਚਾ ਮਾਲ ਜ਼ਬਤ ਕਰ ਲਿਆ ਹੈ। ਸਾਡੀ ਫ਼ੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਅਤੇ ਜਾਣਕਾਰੀ ਲੈ ਰਹੀ ਹੈ।’’
ਉਧਰ ਧਮਾਕੇ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਕਾਰ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ। ਭਾਜਪਾ ਨੇ ਇਸ ਘਟਨਾ ਦੀ ਜਾਂਚ ਐਨ.ਆਈ.ਏ. ਤੋਂ ਕਰਵਾਉਣ ਦੀ ਮੰਗ ਕੀਤੀ, ਜਦਕਿ ਟੀ.ਐਮ.ਸੀ. ਨੇ ਭਾਜਪਾ ਨੂੰ ਇਸ ਮੁੱਦੇ ’ਤੇ ਸਿਆਸਤ ਨਾ ਕਰਨ ਨੂੰ ਕਿਹਾ।
ਭਾਜਪਾ ਆਗੂ ਸ਼ੁਭੇਂਦਰੂ ਅਧਿਕਾਰੀ ਨੇ ਦੋਸ਼ ਲਾਇਆ ਕਿ ਸੂਬਾ ਬਾਰੂਦ ਦੇ ਭੰਡਾਰ ’ਚ ਤਬਦੀਲ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਪੁਲਿਸ ਵਲੋਂ ਨਾਜਾਇਜ਼ ਗਤੀਵਿਧੀਆਂ ਦੀ ਕੋਈ ਨਿਗਰਾਨੀ ਨਹੀਂ ਕੀਤੀ ਜਾ ਰਹੀ ਹੈ। ਇਨ੍ਹਾਂ ਪਟਾਕਾ ਫੈਕਟਰੀਆਂ ਨੂੰ ਸਥਾਨਕ ਟੀ.ਐਮ.ਸੀ. ਆਗੂਆਂ ਦੀ ਸਰਪ੍ਰਸਤੀ ਪ੍ਰਾਪਤ ਹੈ।’’ (ਪੀਟੀਆਈ)