
ਜੋਧਪੁਰ-ਜੈਸਲਮੇਰ ਰੋਡ 'ਤੇ ਆਗੋਲਾਈ ਕੋਲ ਢਾਢਣੀਆ ਪਿੰਡ ਨੇੜੇ ਇਕ ਮਿੰਨੀ ਬੱਸ...
ਰਾਜਸਥਾਨ: ਜੋਧਪੁਰ-ਜੈਸਲਮੇਰ ਰੋਡ 'ਤੇ ਆਗੋਲਾਈ ਕੋਲ ਢਾਢਣੀਆ ਪਿੰਡ ਨੇੜੇ ਇਕ ਮਿੰਨੀ ਬੱਸ ਤੇ ਕੈਂਪਰ ਦੀ ਆਹਮੋ-ਸਾਹਮਣੇ ਦੀ ਟੱਕਰ 'ਚ 16 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਤੋਂ ਜ਼ਿਆਦਾ ਜ਼ਖ਼ਮੀਆਂ ਨੂੰ ਇਲਾਜ ਲਈ ਜੋਧਪੁਰ ਦੇ ਮਥੁਰਾਦਾਸ ਮਾਥੁਰ ਹਸਪਤਾਲ ਲਿਜਾਇਆ ਗਿਆ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕੈਂਪਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ 'ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਦੁੱਖ ਪ੍ਰਗਟਾਇਆ ਹੈ ਤੇ ਆਪਣੀ ਸੰਵੇਦਨਾ ਵਿਅਕਤ ਕੀਤੀ ਹੈ।
ਜਾਣਕਾਰੀ ਮੁਤਾਬਿਕ, ਬਾਲੇਸਰ ਰਾਤਾ ਭਾਕਰ ਨਿਵਾਸੀ ਸਰਵਨ ਸਿੰਘ ਪੁੱਤਰ ਗਿਰਧਰ ਸਿੰਘ ਦਾ ਪਰਿਵਾਰ ਝੰਵਰ ਸਥਿਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ। ਵਾਪਸ ਆਉਂਦਿਆਂ ਢਾਢਣੀਆ ਪਿੰਡ ਵੱਲੋਂ ਆ ਰਹੀ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਦਾ ਟਾਇਰ ਫਟਣ ਕਰ ਕੇ ਬਲੈਰੋ ਕੈਂਪਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਵਾਹਨਾਂ 'ਚ ਸਵਾਰ ਲੋਕ ਸੜਕ 'ਤੇ ਡਿੱਗ ਗਏ।
ਮੌਕੇ 'ਤੇ ਪਹੁੰਚੇ ਪਿੰਡ ਵਾਸੀਆਂ ਨੇ ਭਿਆਨਕ ਹਾਦਸੇ 'ਚ ਜ਼ਖ਼ਮੀਆਂ ਤੇ ਮ੍ਰਿਤਕਾਂ ਨੂੰ ਬਾਲਸੇਰ ਸੀਐੱਚਸੀ ਪਹੁੰਚਾਇਆ। ਜਿੱਥੇ ਡਾਕਟਰਾਂ ਨੇ 16 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬਾਲੇਸਰ ਸੀਐੱਸਸੀ ਤੋਂ ਅੱਠ ਲੋਕਾਂ ਨੂੰ ਜੋਧਪੁਰ ਰੈਫਰ ਕੀਤਾ ਗਿਆ ਹੈ। ਬਾਲੇਸਰ ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।