ਕਿਹਾ, ‘‘ਅਸੀਂ ਆਦਿਵਾਸੀਆਂ ਦੀਆਂ ਲੋੜਾਂ ਮੁਤਾਬਕ ਘਰ ਬਣਾ ਰਹੇ ਹਾਂ"
ਬੋਦੇਲੀ (ਗੁਜਰਾਤ), 27 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਨਾਂ ’ਤੇ ਕੋਈ ਘਰ ਨਹੀਂ ਹੈ ਪਰ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੀਆਂ ਲੱਖਾਂ ਧੀਆਂ ਨੂੰ ਘਰ ਦਾ ਮਾਲਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਆਦਿਵਾਸੀ, ਅਨੁਸੂਚਿਤ ਜਾਤੀ ਅਤੇ ਪਛੜੇ ਭਾਈਚਾਰਿਆਂ ਦੀਆਂ ਕਰੋੜਾਂ ਔਰਤਾਂ ਹੁਣ ‘ਲੱਖਪਤੀ’ ਬਣ ਚੁਕੀਆਂ ਹਨ ਕਿਉਂਕਿ ਉਨ੍ਹਾਂ ਕੋਲ ਸਰਕਾਰੀ ਸਕੀਮਾਂ ਤਹਿਤ ਘਰ ਬਣੇ ਹੋਏ ਹਨ।
ਦੋ ਦਿਨਾਂ ਦੌਰੇ ’ਤੇ ਮੰਗਲਵਾਰ ਨੂੰ ਗੁਜਰਾਤ ਪਹੁੰਚੇ ਮੋਦੀ ਸੂਬੇ ਦੇ ਆਦਿਵਾਸੀ ਬਹੁਗਿਣਤੀ ਛੋਟਾ ਉਦੈਪੁਰ ਜ਼ਿਲ੍ਹੇ ਦੇ ਬੋਡੇਲੀ ਸ਼ਹਿਰ ’ਚ ਸਿੱਖਿਆ ਖੇਤਰ ਨਾਲ ਸਬੰਧਤ 4,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਸਮੇਤ 5,000 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਕਿਉਂਕਿ ਮੈਂ ਤੁਹਾਡੇ ਨਾਲ ਕਾਫ਼ੀ ਸਮਾਂ ਬਿਤਾਇਆ ਹੈ, ਮੈਂ ਗਰੀਬ ਲੋਕਾਂ ਦੇ ਮੁੱਦਿਆਂ ਨੂੰ ਜਾਣਦਾ ਹਾਂ ਅਤੇ ਮੈਂ ਹਮੇਸ਼ਾ ਉਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਮੈਂ ਸੰਤੁਸ਼ਟ ਹਾਂ ਕਿਉਂਕਿ ਮੇਰੀ ਸਰਕਾਰ ਨੇ ਦੇਸ਼ ਭਰ ਦੇ ਲੋਕਾਂ ਲਈ ਚਾਰ ਕਰੋੜ ਘਰ ਬਣਾਏ ਹਨ। ਪਿਛਲੀਆਂ ਸਰਕਾਰਾਂ ਦੇ ਉਲਟ, ਗਰੀਬਾਂ ਲਈ ਮਕਾਨ ਸਾਡੇ ਲਈ ਸਿਰਫ਼ ਇਕ ਨੰਬਰ ਨਹੀਂ ਹੈ। ਅਸੀਂ ਗਰੀਬਾਂ ਲਈ ਘਰ ਬਣਾ ਕੇ ਉਨ੍ਹਾਂ ਨੂੰ ਸਨਮਾਨ ਦੇਣ ਦਾ ਕੰਮ ਕਰਦੇ ਹਾਂ।’’
ਉਨ੍ਹਾਂ ਕਿਹਾ, ‘‘ਅਸੀਂ ਆਦਿਵਾਸੀਆਂ ਦੀਆਂ ਲੋੜਾਂ ਮੁਤਾਬਕ ਘਰ ਬਣਾ ਰਹੇ ਹਾਂ, ਉਹ ਵੀ ਬਿਨਾਂ ਕਿਸੇ ਵਿਚੋਲੇ ਦੇ। ਔਰਤਾਂ ਦੇ ਨਾਂ ’ਤੇ ਲੱਖਾਂ ਘਰ ਬਣਾਏ ਅਤੇ ਰਜਿਸਟਰਡ ਕੀਤੇ ਗਏ। ਹਾਲਾਂਕਿ ਮੇਰੇ ਨਾਮ ’ਤੇ ਅਜੇ ਤੱਕ ਕੋਈ ਘਰ ਨਹੀਂ ਹੈ, ਪਰ ਮੇਰੀ ਸਰਕਾਰ ਨੇ ਲੱਖਾਂ ਧੀਆਂ ਨੂੰ ਮਕਾਨਾਂ ਦੀ ਮਾਲਕ ਬਣਾ ਦਿਤਾ ਹੈ।’’
ਉਨ੍ਹਾਂ ਕਿਹਾ, ਆਦਿਵਾਸੀ, ਅਨੁਸੂਚਿਤ ਜਾਤੀ ਅਤੇ ਪਛੜੇ ਵਰਗਾਂ ਦੀਆਂ ਕਰੋੜਾਂ ਔਰਤਾਂ ਹੁਣ ‘ਲਖਪਤੀ ਦੀਦੀ’ ਬਣ ਗਈਆਂ ਹਨ ਕਿਉਂਕਿ ਉਨ੍ਹਾਂ ਦੇ ਨਾਂ ’ਤੇ ਦਰਜ ਇਨ੍ਹਾਂ ਮਕਾਨਾਂ ਦੀ ਕੀਮਤ ਹੁਣ ਡੇਢ ਲੱਖ ਤੋਂ ਦੋ ਲੱਖ ਰੁਪਏ ਦੇ ਕਰੀਬ ਹੈ।
ਮੋਦੀ ਨੇ ਇਹ ਵੀ ਕਿਹਾ ਕਿ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਗੁਜਰਾਤ ਸਿੱਖਿਆ ਵਿਭਾਗ ਦੇ ਗਾਂਧੀਨਗਰ ਸਥਿਤ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਇੰਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਨੇ ਦੇਸ਼ ਭਰ ਵਿਚ ਅਜਿਹੇ ਕੇਂਦਰ ਸ਼ੁਰੂ ਕਰਨ ਦੀ ਅਪੀਲ ਕੀਤੀ। ਇਸ ਕੇਂਦਰ ਨੂੰ ‘ਵਿਦਿਆ ਸਮੀਕਸ਼ਾ ਕੇਂਦਰ’ ਵਜੋਂ ਜਾਣਿਆ ਜਾਂਦਾ ਹੈ।
ਮੋਦੀ ਵਲੋਂ ਬੋਦੇਲੀ ’ਚ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ’ਚ ਗੁਜਰਾਤ ਸਰਕਾਰ ਦੇ ‘ਮਿਸ਼ਨ ਆਫ਼ ਸਕੂਲਜ਼ ਆਫ਼ ਐਕਸੀਲੈਂਸ’ ਤਹਿਤ ਸਿੱਖਿਆ ਖੇਤਰ ਨਾਲ ਸਬੰਧਤ 4,500 ਕਰੋੜ ਰੁਪਏ ਦੇ ਪ੍ਰਾਜੈਕਟ ਸ਼ਾਮਲ ਹਨ, ਜਿਸ ਦਾ ਉਦੇਸ਼ ਸੂਬੇ ’ਚ ਸਿੱਖਿਆ ਦੇ ਮਿਆਰ ’ਚ ਸੁਧਾਰ ਲਿਆਉਣਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.), ਜੋ ਤਿੰਨ ਦਹਾਕਿਆਂ ਤੋਂ ਲਟਕ ਰਹੀ ਸੀ, ਆਖਰਕਾਰ ਉਨ੍ਹਾਂ ਦੀ ਸਰਕਾਰ ਨੇ ਲਿਆਂਦੀ ਹੈ। ਵਿਰੋਧੀ ਧਿਰ ’ਤੇ ਅਸਿੱਧੇ ਤੌਰ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, ‘‘ਸੂਬੇ ’ਚ ਸਿੱਖਿਆ ਦੀ ਸਥਿਤੀ ਨੂੰ ਸੁਧਾਰਨ ਲਈ ਕੰਮ ਕਰਨ ਦੀ ਬਜਾਏ, ਉਹ ਰਾਖਵੇਂਕਰਨ ਦੀ ਸਿਆਸਤ ’ਚ ਸ਼ਾਮਲ ਹੋ ਗਏ।’’
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸੂਬੇ ’ਚ ਸਿੱਖਿਆ ਖੇਤਰ ਨਾਲ ਸਬੰਧਤ ਕਈ ਨਵੀਆਂ ਯੋਜਨਾਵਾਂ ਵੀ ਲਾਂਚ ਕੀਤੀਆਂ, ਜਿਨ੍ਹਾਂ ’ਚ ਸਵਾਮੀ ਵਿਵੇਕਾਨੰਦ ਗਿਆਨ ਸ਼ਕਤੀ ਰਿਹਾਇਸ਼ੀ ਸਕੂਲ, ਰਕਸ਼ਾ ਸ਼ਕਤੀ ਵਿਦਿਆਲਿਆ, ਮੁੱਖ ਮੰਤਰੀ ਗਿਆਨ ਸੇਤੂ ਮੈਰਿਟ ਸਕਾਲਰਸ਼ਿਪ ਅਤੇ ਮੁੱਖ ਮੰਤਰੀ ਗਿਆਨ ਸਾਧਨਾ ਮੈਰਿਟ ਸਕਾਲਰਸ਼ਿਪ ਸ਼ਾਮਲ ਹਨ।