
ਤਮੰਨਾ ਨੂੰ ਮਾਰਚ 2022 ਵਿਚ ਪੰਜਾਬ ਤੋਂ ਗੁਜਰਾਤ ਦੀ ਜੇਲ ਵਿਚ ਲਿਆਂਦਾ ਗਿਆ ਸੀ।
ਅਹਿਮਦਾਬਾਦ: ਗੁਜਰਾਤ ਦੀ ਇਕ ਵਿਸ਼ੇਸ਼ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਅਦਾਲਤ ਨੇ 500 ਕਰੋੜ ਰੁਪਏ ਦੀ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਦੋਸ਼ੀ ਔਰਤ ਨੂੰ ਉਸ ਦੀ ਮੰਗਣੀ ਅਤੇ ਵਿਆਹ ਲਈ ਅਸਥਾਈ ਜ਼ਮਾਨਤ 'ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿਤਾ ਹੈ। ਅੰਮ੍ਰਿਤਸਰ ਦੀ ਰਹਿਣ ਵਾਲੀ ਤਮੰਨਾ ਗੁਪਤਾ ਨੇ 60 ਦਿਨਾਂ ਲਈ ਜ਼ਮਾਨਤ ਦੀ ਮੰਗ ਕੀਤੀ ਸੀ। ਤਮੰਨਾ ਨੂੰ ਮਾਰਚ 2022 ਵਿਚ ਪੰਜਾਬ ਤੋਂ ਗੁਜਰਾਤ ਦੀ ਜੇਲ ਵਿਚ ਲਿਆਂਦਾ ਗਿਆ ਸੀ। ਉਸ ਦੇ ਵਕੀਲ ਨੇ ਕਿਹਾ ਕਿ ਦੋਸ਼ੀ ਦੀ ਮੰਗਣੀ ਅਤੇ ਵਿਆਹ ਤੈਅ ਹੋ ਚੁੱਕੇ ਹਨ ਅਤੇ ਇਸ ਲਈ ਉਹ ਰਸਮਾਂ ਲਈ ਅਸਥਾਈ ਜ਼ਮਾਨਤ 'ਤੇ ਰਿਹਾਅ ਹੋਣ ਦੀ ਮੰਗ ਕਰ ਰਹੀ ਹੈ। 27 ਸਾਲਾ ਲੜਕੀ ਤਿੰਨ ਸਾਲਾਂ ਤੋਂ ਜੇਲ ਵਿਚ ਹੈ।
ਇਹ ਵੀ ਪੜ੍ਹੋ: ਬਟਾਲਾ ਵਿਚ ਇੱਟਾਂ ਮਾਰ-ਮਾਰ ਕੀਤਾ ਬਾਊਂਸਰ ਦਾ ਕਤਲ
ਵਕੀਲ ਨੇ ਤਮੰਨਾ ਗੁਪਤਾ ਦੀ ਮਾਂ ਅਤੇ ਮੰਗੇਤਰ ਦਾ ਹਲਫੀਆ ਬਿਆਨ ਵੀ ਅਦਾਲਤ ਵਿਚ ਜਮ੍ਹਾਂ ਕਰਵਾਇਆ ਹੈ। ਵਕੀਲ ਨੇ ਦਲੀਲ ਦਿਤੀ ਕਿ ਤਮੰਨਾ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਸੀ ਅਤੇ ਰਾਸ਼ਟਰੀ ਜਾਂਚ ਏਜੰਸੀ ਦੁਆਰਾ ਅਗਸਤ 2022 ਵਿਚ ਇਸ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਅਤੇ ਜਾਂਚ ਏਜੰਸੀ ਕੋਲ ਜਾਂਚ ਲਈ ਹੋਰ ਕੁੱਝ ਨਹੀਂ ਹੈ। ਇਸਤਗਾਸਾ ਪੱਖ ਨੇ ਅਪੀਲ ਦਾ ਵਿਰੋਧ ਕਰਦਿਆਂ ਦਲੀਲ ਦਿਤੀ ਕਿ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀ ਧਾਰਾ 37 ਅਤੇ ਸੀਆਰਪੀਸੀ ਦੀ ਧਾਰਾ 437 ਅਤੇ 439 ਦੇ ਤਹਿਤ ਅਸਥਾਈ ਜ਼ਮਾਨਤ ਦਾ ਕੋਈ ਪ੍ਰਬੰਧ ਨਹੀਂ ਹੈ।
ਇਹ ਵੀ ਪੜ੍ਹੋ: ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
ਸਪੈਸ਼ਲ ਜੱਜ ਕੇ ਡੀ ਦਵੇ ਨੇ ਕਿਹਾ, “ਇਥੇ ਇਹ ਦੱਸਣਾ ਉਚਿਤ ਹੈ ਕਿ ਦੋਸ਼ੀ ਨੂੰ ਅੰਤਰਿਮ ਜ਼ਮਾਨਤ ਸਿਰਫ ਜ਼ਰੂਰੀ ਆਧਾਰਾਂ ਜਿਵੇਂ ਕਿ ਮੌਤ ਜਾਂ ਮੈਡੀਕਲ ਐਮਰਜੈਂਸੀ ਲਈ ਦਿਤੀ ਜਾਂਦੀ ਹੈ, ਜਦਕਿ ਮੌਜੂਦਾ ਕੇਸ ਵਿਚ ਬਿਨੈਕਾਰ-ਦੋਸ਼ੀ ਨੇ ਮੰਗਣੀ ਲਈ ਆਰਜ਼ੀ ਜ਼ਮਾਨਤ ਦੀ ਮੰਗ ਕੀਤੀ ਹੈ।" ਅਦਾਲਤ ਨੇ ਕਿਹਾ ਕਿ ਗੁਪਤਾ ਗੰਭੀਰ ਅਪਰਾਧ ਲਈ ਜੇਲ ਵਿਚ ਹੈ।
ਇਹ ਵੀ ਪੜ੍ਹੋ: ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਹੋਈ ਮੌਤ
ਗੁਪਤਾ ਸਮੇਤ ਅੱਠ ਹੋਰਾਂ 'ਤੇ ਪਿਛਲੇ ਸਾਲ ਇਸ ਮਾਮਲੇ 'ਚ ਦੋਸ਼ ਤੈਅ ਕੀਤੇ ਗਏ ਸਨ। ਇਹ ਨਸ਼ਾ ਮਈ 2021 ਵਿਚ ਜਖਾਊ ਦੇ ਤੱਟ ਤੋਂ ਅਲ ਮਦੀਨਾ ਨਾਮਕ ਪਾਕਿਸਤਾਨੀ ਕਿਸ਼ਤੀ ਵਿਚ ਪਾਇਆ ਗਿਆ ਸੀ। 2020 ਵਿਚ ਤਮੰਨਾ ਨੂੰ ਪੰਜਾਬ ਵਿਚ 194 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੀ ਜ਼ਬਤ ਕਰਨ ਦੇ ਇਕ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ।