
ਰਵੀ ਸਿੰਘ ਨੇ ਸਿੰਘ ਦੀ ਪੱਗ ਨੂੰ ਇਨਸਾਨੀਅਤ ਦੀ ਇਕ ਆਸ ਦੱਸਿਆ,ਸਿੰਘ ਜਿੱਥੇ ਵੀ ਜਾਵੇਗਾ ਉੱਥੇ ਕੋਈ ਵੀ ਭੁੱਖਾ ਨਹੀਂ ਮਰੇਗਾ।
ਨਵੀਂ ਦਿੱਲੀ - ਮਨੁੱਖਤਾ ਦੀ ਸੇਵਾ ਵਿਚ ਲੱਗੀ ਸੰਸਥਾ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ ਲਾਈਵ ਹੋ ਕੇ ਗੋਦੀ ਮੀਡੀਆ ਨੂੰ ਲਾਹਨਤਾਂ ਪਾਈਆਂ। ਉਹਨਾਂ ਕਿਹਾ ਕਿ ਜੀ ਨਿਊਜ਼ ਚੈਨਲ 'ਤੇ ਉਹਨਾਂ ਬਾਰੇ ਕਾਫੀ ਕੁੱਝ ਗਲਤ ਚਲਾਇਆ ਜਾ ਰਿਹਾ ਹੈ ਚੈਨਲ ਵਿਚ ਕਿਹਾ ਜਾ ਰਿਹਾ ਹੈ ਕਿ ਖਾਲਸਾ ਏਡ ਦਾ ਰਵੀ ਸਿੰਘਅਤਿਵਾਦੀ ਹੈ ਤੇ ਉਸ ਦਾ ਕਾਫੀ ਵੱਡੇ ਬੰਦਿਆਂ ਨਾਲ ਲਿੰਕ ਹੈ।
Ravi Singh Founder of Khalsa Aid
ਉਹਨਾਂ ਕਿਹਾ ਕਿ ਜੋ ਸਾਨੂੰ ਅਤਿਵਾਦੀ ਦੱਸ ਦੇ ਹਨ ਉਹਨਾਂ ਨੂੰ ਜਾ ਕੇ ਪੁੱਛਿਆ ਜਾਵੇ ਕਿ ਪਾਰਲੀਮੈਂਟ ਵਿਚ ਜੋ 50 ਪ੍ਰਤੀਸ਼ਤ ਐੱਮਪੀ ਬੈਠੇ ਹਨ ਉਹ ਕਰੀਮੀਨਲ ਹਨ। ਰਵੀ ਸਿੰਘ ਨੇ ਸਾਧਵੀ ਪ੍ਰਗਿਆ 'ਤੇ ਨਿਸ਼ਾਨ ਸਾਧਦੇ ਹੋਏ ਕਿਹਾ ਕਿ ਉਸ ਨੇ ਪਹਿਲਾਂ ਬੰਬ ਨਾਲ ਹਮਲੇ ਕਰਵਾਏ ਹਨ ਉਹ ਅਤਿਵਾਦੀ ਹੈ ਪਰ ਹੁਣ ਉਹ ਐੱਮਪੀ ਬਣ ਕੇ ਬੈਠੀ ਹੈ।
ਰਵੀ ਸਿੰਘ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਉੜੀਸਾ, ਚੇਨਈ, ਜਿੱਥੇ ਵੀ ਹੜ੍ਹ ਜਾਂ ਤੂਫਾਨ ਦੇ ਲੋਕ ਸ਼ਿਕਾਰ ਹੋਏ ਹਨ ਉਹਨਾਂ ਦੀ ਸੇਵਾ ਕੀਤੀ ਪਰ ਹੁਣ ਜਦੋਂ ਅਸੀਂ ਕਿਸਾਨਾਂ ਦੀ ਸੇਵਾ ਕਰ ਰਹੇ ਹਾਂ ਤਾਂ ਸਾਨੂੰ ਅਤਿਵਾਦੀ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਧਮਕੀਆਂ ਵੀ ਆਉਂਦੀਆਂ ਰਹੀਆਂ ਹਨ ਪਰ ਉਹ ਡਰਨ ਵਾਲੇ ਨਹੀਂ ਹਨ।
ਉਹਨਾਂ ਕਿਹਾ ਕਿ ਉਹ ਇੰਗਲੈਂਡ ਵਿਚ ਰਹਿੰਦੇ ਹਨ ਤੇ ਉੱਥੇ ਦੀ ਇੰਟੈਲੀਜੈਂਸ ਏਜੰਸੀ ਬਹੁਤ ਖਤਰਨਾਕ ਹੈ ਤੇ ਜੇ ਅਸੀਂ ਕੋਈ ਵੀ ਗਲਤ ਕੰਮ ਕਰਦੇ ਤਾਂ ਉਹ ਸਾਨੂੰ ਫੜ ਨਾ ਲੈਂਦੀ ਉਹਨਾਂ ਕਿਹਾ ਕਿ ਅਸੀਂ ਅੱਜ ਸਾਡੇ ਸ਼ਹੀਦਾਂ ਕਰ ਕੇ ਹੀ ਇਸ ਧਰਤੀ 'ਤੇ ਹਾਂ ਤੇ ਸਾਨੂੰ ਕਿਸੇ ਵੀ ਧਮਕੀਆਂ ਤੋਂ ਡਰ ਨਹੀਂ ਲੱਗਦਾ। ਰਵੀ ਸਿੰਘ ਨੇ ਸਿੰਘ ਦੀ ਪੱਗ ਨੂੰ ਇਨਸਾਨੀਅਤ ਦੀ ਇਕ ਆਸ ਦੱਸਿਆ, ਉਹਨਾਂ ਕਿਹਾ ਕਿ ਇਹ ਦਸਤਾਰ ਉਹਨਾਂ ਲਈ ਕਫਨ ਵੀ ਹੈ ਤੇ ਇਕ ਸਿੰਘ ਦੀ ਨਿਸ਼ਾਨੀ ਵੀ ਹੈ ਕਿ ਉਹ ਜਿੱਥੇ ਵੀ ਜਾਵੇਗਾ ਉੱਥੇ ਕੋਈ ਵੀ ਭੁੱਖਾ ਨਹੀਂ ਮਰੇਗਾ।