
ਕਿਹਾ, ਜੋ ਵੀ ਹੋਇਆ... ਨਿਆਂ ਦੀ ਜਿੱਤ ਹੋਵੇਗੀ
ਰਾਜੌਰੀ/ਜੰਮੂ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਵਲੋਂ ਕਥਿਤ ਤੌਰ ’ਤੇ ਹਿਰਾਸਤ ’ਚ ਲਏ ਗਏ ਤਿੰਨ ਵਿਅਕਤੀਆਂ ਦੇ ਮ੍ਰਿਤਕ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਵਾਰਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿਤਾ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਫੌਜ ਦੇ ਦੋ ਗੱਡੀਆਂ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਸਦਿਆ ਗਿਆ ਸੀ।
ਰਾਜਨਾਥ ਸਿੰਘ, ਫੌਜ ਮੁਖੀ ਜਨਰਲ ਮਨੋਜ ਪਾਂਡੇ ਅਤੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਅੱਜ ਦੁਪਹਿਰ ਰਾਜੌਰੀ ਜ਼ਿਲ੍ਹੇ ਪਹੁੰਚੇ ਅਤੇ ਤਿੰਨਾਂ ਮ੍ਰਿਤਕਾਂ ਦੇ ਪਰਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਤਸ਼ੱਦਦ ਦੇ ਸ਼ਿਕਾਰ ਚਾਰ ਹੋਰ ਪੀੜਤਾਂ ਦੀ ਸਿਹਤ ਬਾਰੇ ਜਾਣਕਾਰੀ ਲੈਣ ਲਈ ਸਰਕਾਰੀ ਮੈਡੀਕਲ ਕਾਲਜ (ਜੀ.ਐਮ.ਸੀ.) ਹਸਪਤਾਲ ਦਾ ਵੀ ਦੌਰਾ ਕੀਤਾ।
ਜਦੋਂ ਰੱਖਿਆ ਮੰਤਰੀ ਅਤੇ ਉਪ ਰਾਜਪਾਲ ਮ੍ਰਿਤਕਾਂ ਦੇ ਪਰਵਾਰਾਂ ਨਾਲ ਮੁਲਾਕਾਤ ਕਰ ਰਹੇ ਸਨ ਤਾਂ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਦੇ ਕਈ ਮੈਂਬਰ, ਸਾਬਕਾ ਵਿਧਾਇਕ ਅਤੇ ਸਿਵਲ ਸੁਸਾਇਟੀ ਦੇ ਮੈਂਬਰ ਵੀ ਮੌਜੂਦ ਸਨ। ਰੱਖਿਆ ਮੰਤਰੀ ਨੇ ਡਾਕ ਬੰਗਲੇ ’ਚ ਮ੍ਰਿਤਕਾਂ ਦੇ ਪਰਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਜੀ.ਐਮ.ਸੀ. ਹਸਪਤਾਲ ਦਾ ਦੌਰਾ ਕੀਤਾ। ਜੀ.ਐਮ.ਸੀ. ਹਸਪਤਾਲ ਦੇ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਜੋ ਵੀ ਹੋਇਆ... ਨਿਆਂ ਦੀ ਜਿੱਤ ਹੋਵੇਗੀ।’’
ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਪੁੰਛ ਦੇ ਸੁਰਨਕੋਟ ਇਲਾਕੇ ’ਚ ਢੇਰਾ ਕੀ ਗਲੀ ਅਤੇ ਬਾਫਲੀਆਜ਼ ਦੇ ਵਿਚਕਾਰ ਧਤਿਆਰ ਮੋੜ ’ਤੇ ਅਤਿਵਾਦੀਆਂ ਨੇ ਉਨ੍ਹਾਂ ਦੇ ਗੱਡੀਆਂ ’ਤੇ ਘਾਤ ਲਗਾ ਕੇ ਹਮਲਾ ਕੀਤਾ ਸੀ, ਜਿਸ ’ਚ ਚਾਰ ਜਵਾਨ ਸ਼ਹੀਦ ਹੋ ਗਏ ਸਨ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ। ਹਮਲੇ ਤੋਂ ਬਾਅਦ ਫੌਜ ਨੇ ਤਿੰਨ ਨਾਗਰਿਕਾਂ ਸੈਫਰ ਹੁਸੈਨ (43), ਮੁਹੰਮਦ ਸ਼ੌਕਤ (27) ਅਤੇ ਸ਼ਬੀਰ ਅਹਿਮਦ (32) ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਸੀ ਅਤੇ 22 ਦਸੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਸੋਸ਼ਲ ਮੀਡੀਆ ਮੰਚ ’ਤੇ ਇਕ ਵੀਡੀਉ ਕਲਿੱਪ ਵਾਇਰਲ ਹੋ ਗਈ ਜਿਸ ਵਿਚ ਉਸ ਨੂੰ ਤਸੀਹੇ ਦਿਤੇ ਜਾ ਰਹੇ ਹਨ।
ਰਾਜੌਰੀ ਦੇ ਥਾਨਾਮੰਡੀ ਇਲਾਕੇ ’ਚ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਫੌਜੀਆਂ ਵਲੋਂ ਕਥਿਤ ਤੌਰ ’ਤੇ ਕੁੱਟੇ ਜਾਣ ਤੋਂ ਬਾਅਦ ਸ਼ੁਕਰਵਾਰ ਨੂੰ ਚਾਰ ਵਿਅਕਤੀਆਂ ਮੁਹੰਮਦ ਜ਼ੁਲਫਾਕਾਰ, ਉਸ ਦੇ ਭਰਾ ਮੁਹੰਮਦ ਬੇਤਾਬ, ਫਜ਼ਲ ਹੁਸੈਨ ਅਤੇ ਮੁਹੰਮਦ ਫਾਰੂਕ ਨੂੰ ਰਾਜੌਰੀ ਦੇ ਜੀ.ਐਮ.ਸੀ. ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।
ਰਾਜਨਾਥ ਸਿੰਘ ਦੇ ਜੰਮੂ-ਕਸ਼ਮੀਰ ਦੌਰੇ ਤੋਂ ਕੋਈ ਉਮੀਦ ਨਹੀਂ: ਫਾਰੂਕ ਅਬਦੁੱਲਾ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਬੁਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਜੰਮੂ-ਕਸ਼ਮੀਰ ਦੌਰੇ ਤੋਂ ਕੋਈ ਉਮੀਦ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਉਮੀਦ ਜਤਾਈ ਕਿ ਪੁੰਛ ’ਚ ਨਾਗਰਿਕਾਂ ਦੀ ਮੌਤ ਵਰਗੀਆਂ ਘਟਨਾਵਾਂ ਮੁੜ ਨਹੀਂ ਹੋਣਗੀਆਂ। ਅਬਦੁੱਲਾ ਨੇ ਕੁਲਗਾਮ ’ਚ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਉਨ੍ਹਾਂ ਦੀ ਯਾਤਰਾ ਤੋਂ ਕੋਈ ਉਮੀਦ ਨਹੀਂ ਹੈ। ਕੀ ਉਹ ਮਰੇ ਹੋਏ ਨਾਗਰਿਕਾਂ ਨੂੰ ਵਾਪਸ ਲਿਆ ਸਕਦੇ ਹਨ? ਕੀ ਉਨ੍ਹਾਂ ਕੋਲ ਇਹ ਸ਼ਕਤੀ ਹੈ? ਪਰ ਉਹ ਸਿਰਫ ਇਹ ਕਰ ਸਕਦੇ ਹਨ ਕਿ ਇਸ ਤਰ੍ਹਾਂ ਦੀ ਬੇਇਨਸਾਫੀ ਦੁਬਾਰਾ ਨਾ ਹੋਵੇ।’’ ਉਨ੍ਹਾਂ ਕਿਹਾ ਕਿ ਰਾਜਨਾਥ ਸਿੰਘ ਇਸ ਲਈ ਯਾਤਰਾ ਕਰ ਰਹੇ ਹਨ ਕਿਉਂਕਿ ‘ਸਾਡੇ ਲੋਕ ਮਰ ਗਏ ਹਨ ਅਤੇ ਮੰਤਰੀ ਪ੍ਰਭਾਵਤ ਪਰਵਾਰਾਂ ਦੇ ਜ਼ਖ਼ਮਾਂ ’ਤੇ ਮਲਮ ਲਗਾਉਣਗੇ।’