
ਡਾ. ਮਨਮੋਹਨ ਸਿੰਘ ਕਿਵੇਂ ਬਣੇ ਪ੍ਰਧਾਨ ਮੰਤਰੀ, ਪੜ੍ਹੋ
ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਤੇ ਲਗਾਤਾਰ ਦੋ ਕਾਰਜਕਾਲ ਪੂਰੇ ਕਰਨ ਵਾਲੇ ਡਾ. ਮਨਮੋਹਨ ਸਿੰਘ ਨਹੀਂ ਰਹੇ। ਉਹ 92 ਸਾਲ ਦੇ ਸਨ। ਵੀਰਵਾਰ 26 ਦਸੰਬਰ ਨੂੰ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਮਜ਼ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਮਨਮੋਹਨ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ।
ਇਕ ਪ੍ਰੋਫ਼ੈਸਰ, ਜੋ ਪਹਿਲਾਂ ਨੌਕਰਸ਼ਾਹੀ ਅਤੇ ਫਿਰ ਰਾਜਨੀਤੀ ਵਿਚ ਦਾਖਲ ਹੋਇਆ। ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪੰਜਾਬ, ਬਰਤਾਨਵੀ ਭਾਰਤ (ਮੌਜੂਦਾ ਪਾਕਿਸਤਾਨ) ਦੇ ਗੜ੍ਹ ਪਿੰਡ ’ਚ ਹੋਇਆ ਸੀ। ਉਨ੍ਹਾਂ ਦੀ ਮਾਤਾ ਦਾ ਨਾਮ ਅੰਮ੍ਰਿਤ ਕੌਰ ਅਤੇ ਪਿਤਾ ਦਾ ਨਾਮ ਗੁਰਮੁਖ ਸਿੰਘ ਸੀ। ਦੇਸ਼ ਦੀ ਵੰਡ ਤੋਂ ਬਾਅਦ ਸਿੰਘ ਦਾ ਪਰਵਾਰ ਭਾਰਤ ਆ ਗਿਆ।
ਮਨਮੋਹਨ ਸਿੰਘ ਨੇ 1952 ’ਚ ਅਰਥ ਸ਼ਾਸਤਰ ਵਿਚ ਬੈਚਲਰ ਦੀ ਡਿਗਰੀ ਅਤੇ 1954 ਵਿਚ ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਨੇ 1957 ’ਚ ਕੈਂਬਰਿਜ ਯੂਨੀਵਰਸਿਟੀ ਅਤੇ 1962 ’ਚ ਆਕਸਫ਼ੋਰਡ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ।
ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਮਨਮੋਹਨ ਸਿੰਘ ਨੇ 1966-1969 ਦੌਰਾਨ ਸੰਯੁਕਤ ਰਾਸ਼ਟਰ ਲਈ ਕੰਮ ਕੀਤਾ। ਦਿੱਲੀ ਸਕੂਲ ਆਫ਼ ਇਕਨਾਮਿਕਸ ਤੋਂ ਆਫ਼ਰ ਮਿਲਣ ਤੋਂ ਬਾਅਦ ਉਹ ਦੇਸ਼ ਆ ਗਏ ਅਤੇ ਪ੍ਰੋਫ਼ੈਸਰ ਬਣ ਗਏ।
ਮਨਮੋਹਨ ਸਿੰਘ ਦਾ ਨੌਕਰਸ਼ਾਹੀ ਕਰੀਅਰ ਉਦੋਂ ਸ਼ੁਰੂ ਹੋਇਆ ਜਦੋਂ ਲਲਿਤ ਨਾਰਾਇਣ ਮਿਸ਼ਰਾ ਨੇ ਉਨ੍ਹਾਂ ਨੂੰ ਵਣਜ ਮੰਤਰਾਲੇ ’ਚ ਸਲਾਹਕਾਰ ਵਜੋਂ ਨੌਕਰੀ ਦਿਤੀ। ਉਸ ਸਮੇਂ ਮਨਮੋਹਨ ਸਿੰਘ ਖੁੱਲ੍ਹੇਆਮ ਕਿਹਾ ਕਰਦੇ ਸਨ ਕਿ ਭਾਰਤ ਵਿਚ ਵਿਦੇਸ਼ੀ ਵਪਾਰ ਦੇ ਮੁੱਦਿਆਂ ’ਤੇ ਉਨ੍ਹਾਂ ਤੋਂ ਵੱਧ ਕੋਈ ਨਹੀਂਂ ਜਾਣਦਾ।
ਇਕ ਵਾਰ ਉਨ੍ਹਾਂ ਦਾ ਅਪਣੇ ਮੰਤਰੀ ਲਲਿਤ ਨਰਾਇਣ ਸਿੰਘ ਨਾਲ ਮਤਭੇਦ ਹੋ ਗਿਆ। ਮਨਮੋਹਨ ਸਿੰਘ ਨੇ ਕਿਹਾ ਕਿ ਉਹ ਦਿੱਲੀ ਸਕੂਲ ਆਫ਼ ਇਕਨਾਮਿਕਸ ’ਚ ਪ੍ਰੋਫ਼ੈਸਰ ਵਜੋਂ ਅਪਣੀ ਨੌਕਰੀ ’ਤੇ ਵਾਪਸ ਪਰਤਣਗੇ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਕੱਤਰ ਪੀਐਨ ਹਕਸਰ ਨੂੰ ਇਸ ਦੀ ਭਿਣਕ ਲੱਗੀ। ਉਨ੍ਹਾਂ ਮਨਮੋਹਨ ਸਿੰਘ ਨੂੰ ਵਿੱਤ ਮੰਤਰਾਲੇ ’ਚ ਮੁੱਖ ਆਰਥਕ ਸਲਾਹਕਾਰ ਦਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ। ਇਸ ਤਰ੍ਹਾਂ ਮੰਤਰੀ ਨਾਲ ਲੜਾਈ ਉਨ੍ਹਾਂ ਲਈ ਤਰੱਕੀ ਲੈ ਕੇ ਆਈ।
ਮਨਮੋਹਨ ਸਿੰਘ 1970 ਅਤੇ 1980 ਦੇ ਦਹਾਕੇ ’ਚ ਭਾਰਤ ਸਰਕਾਰ ’ਚ ਮਹੱਤਵਪੂਰਨ ਅਹੁਦਿਆਂ ’ਤੇ ਰਹੇ। ਉਹ 1972-76 ਤੱਕ ਮੁੱਖ ਆਰਥਕ ਸਲਾਹਕਾਰ, 1982-85 ਤਕ ਰਿਜ਼ਰਵ ਬੈਂਕ ਦੇ ਗਵਰਨਰ ਅਤੇ 1985-87 ਤਕ ਯੋਜਨਾ ਕਮਿਸ਼ਨ ਦੇ ਮੁਖੀ ਰਹੇ।
ਜਦੋਂ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਸਨ। ਉਦੋਂ 1985 ਤੋਂ 1990 ਦੀ ਪੰਜ ਸਾਲਾ ਯੋਜਨਾ ਲਈ ਮੀਟਿੰਗ ਕੀਤੀ ਗਈ। ਉਸ ਸਮੇਂ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਮਨਮੋਹਨ ਸਿੰਘ ਨੇ ਪੇਸ਼ਕਾਰੀ ਦਿਤੀ। ਉਨ੍ਹਾਂ ਦਾ ਫ਼ੋਕਸ ਪਿੰਡ ਤੇ ਗ਼ਰੀਬ ਸਨ ਜਦਕਿ ਰਾਜੀਵ ਗਾਂਧੀ ਦਾ ਦ੍ਰਿਸ਼ਟੀਕੋਣ ਸ਼ਹਿਰੀ ਵਿਕਾਸ ਦਾ ਸੀ। ਉਹ ਵੱਡੇ ਹਾਈਵੇਅ, ਮਾਲ, ਹਸਪਤਾਲ ਚਾਹੁੰਦੇ ਸਨ।
ਪੇਸ਼ਕਾਰੀ ਤੋਂ ਬਾਅਦ ਰਾਜੀਵ ਗਾਂਧੀ ਭੜਕ ਗਏ। ਉਨ੍ਹਾਂ ਸਭ ਦੇ ਸਾਹਮਣੇ ਮਨਮੋਹਨ ਨੂੰ ਝਿੜਕਿਆ। ਅਗਲੇ ਹੀ ਦਿਨ ਜਦੋਂ ਪੱਤਰਕਾਰਾਂ ਨੇ ਰਾਜੀਵ ਨੂੰ ਯੋਜਨਾ ਕਮਿਸ਼ਨ ਬਾਰੇ ਪੁੱਛਿਆ ਤਾਂ ਰਾਜੀਵ ਨੇ ਕਿਹਾ ਕਿ ਇਹ ‘ਜੋਕਰਾਂ ਦਾ ਟੋਲਾ’ ਹੈ।
ਸਾਬਕਾ ਕੇਂਦਰੀ ਗ੍ਰਹਿ ਸਕੱਤਰ ਸੀ.ਜੀ. ਸੋਮਈਆ ਉਸ ਸਮੇਂ ਯੋਜਨਾ ਕਮਿਸ਼ਨ ਦੇ ਮੈਂਬਰ ਸਨ। ਉਹ ਅਪਣੀ ਜੀਵਨੀ ‘ਦਿ ਆਨਸਟ ਅਲਵੇਜ਼ ਸਟੈਂਡ ਅਲੋਨ’ ਵਿਚ ਲਿਖਦਾ ਹੈ, ਮੈਂ ਮਨਮੋਹਨ ਸਿੰਘ ਕੋਲ ਬੈਠਾ ਸੀ। ਅਪਮਾਨ ਤੋਂ ਬਾਅਦ ਉਨ੍ਹਾਂ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਮਨ ਬਣਾ ਲਿਆ ਸੀ। ਮੈਂ ਕਿਹਾ ਕਿ ਜੇਕਰ ਤੁਸੀਂ ਜਲਦਬਾਜ਼ੀ ’ਚ ਅਸਤੀਫ਼ਾ ਦਿਤਾ ਤਾਂ ਦੇਸ਼ ਦਾ ਨੁਕਸਾਨ ਹੋਵੇਗਾ। ਮਨਮੋਹਨ ਸਿੰਘ ਕਰੀਬ ਦੋ ਦਹਾਕਿਆਂ ਬਾਅਦ ਵੀ ਇਸ ਅਹੁਦੇ ’ਤੇ ਬਣੇ ਰਹੇ, ਜਦੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਲਈ ਨਾਂ ਲੱਭ ਰਹੀ ਸੀ ਤਾਂ ਉਨ੍ਹਾਂ ਉਸੇ ਮਨਮੋਹਨ ਸਿੰਘ ਨੂੰ ਚੁਣਿਆ।
2004 ’ਚ ਅਟਲ ਬਿਹਾਰੀ ਸਰਕਾਰ ‘ਸ਼ਾਈਨਿੰਗ ਇੰਡੀਆ’ ਦੇ ਨਾਹਰੇ ਨਾਲ ਚੋਣਾਂ ’ਚ ਉਤਰੀ ਸੀ। ਜਦੋਂ 13 ਮਈ 2004 ਨੂੰ ਨਤੀਜੇ ਆਏ ਤਾਂ ਵੋਟਰਾਂ ਨੇ ਉਨ੍ਹਾਂ ਨੂੰ ਨਕਾਰ ਦਿਤਾ। ਸੱਤਾ ਦੀਆਂ ਚਾਬੀਆਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਦੇ ਹੱਥਾਂ ’ਚ ਚਲੀਆਂ ਗਈਆਂ। ਉਸ ਸਮੇਂ ਸੋਨੀਆ ਗਾਂਧੀ ਕਾਂਗਰਸ ਪ੍ਰਧਾਨ ਸੀ। ਮੰਨਿਆ ਜਾ ਰਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਬਣੇਗੀ।
ਭਾਜਪਾ ਦੀ ਫ਼ਾਇਰ ਬ੍ਰਾਂਡ ਨੇਤਾ ਸੁਸ਼ਮਾ ਸਵਰਾਜ ਨੇ ਐਲਾਨ ਕਰ ਦਿਤਾ ਕਿ ਜੇਕਰ ਸੋਨੀਆ ਪ੍ਰਧਾਨ ਮੰਤਰੀ ਬਣ ਜਾਂਦੀ ਹੈ ਤਾਂ ਉਹ ਸਿਰ ਮੁੰਨਵਾ ਦੇਵੇਗੀ ਅਤੇ ਸੰਸਦ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਵੇਗੀ। ਇਸ ਸਭ ਦੇ ਵਿਚਕਾਰ 15 ਮਈ ਨੂੰ ਸੋਨੀਆ ਨੂੰ ਸੰਸਦੀ ਦਲ ਦਾ ਨੇਤਾ ਚੁਣ ਲਿਆ ਗਿਆ ਪਰ ਪ੍ਰਧਾਨ ਮੰਤਰੀ ਦੇ ਨਾਂ ’ਤੇ ਤਸਵੀਰ ਸਾਫ਼ ਨਾ ਹੋ ਸਕੀ।
17 ਮਈ, 2004 ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ, ਇਸ ਬਾਰੇ ਅਨਿਸ਼ਚਿਤਤਾ ਕਾਰਨ ਸ਼ੇਅਰ ਬਾਜ਼ਾਰ ’ਚ 4,283 ਅੰਕਾਂ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਵਿਰੋਧੀ ਧਿਰ ਲਗਾਤਾਰ ਇਹ ਮੁੱਦਾ ਉਠਾ ਰਹੀ ਸੀ ਕਿ 100 ਕਰੋੜ ਦੀ ਆਬਾਦੀ ਵਾਲੇ ਦੇਸ਼ ’ਚ ਇਕ ਵਿਦੇਸ਼ੀ ਔਰਤ ਪ੍ਰਧਾਨ ਮੰਤਰੀ ਬਣਨ ਜਾ ਰਹੀ ਹੈ।
ਉਥਲ-ਪੁਥਲ ਵਿਚਕਾਰ, ਸੋਨੀਆ ਗਾਂਧੀ 18 ਮਈ 2004 ਦੀ ਸਵੇਰ ਨੂੰ ਉੱਠੀ। ਉਹ ਚੁੱਪਚਾਪ ਰਾਹੁਲ ਅਤੇ ਪ੍ਰਿਅੰਕਾ ਨਾਲ ਘਰੋਂ ਬਾਹਰ ਚਲੀ ਗਈ। ਸੋਨੀਆ ਦੀ ਕਾਰ ਰਾਜੀਵ ਗਾਂਧੀ ਦੀ ਸਮਾਧੀ ’ਤੇ ਪਹੁੰਚੀ। ਤਿੰਨੇ ਕੁਝ ਦੇਰ ਸਮਾਧੀ ਸਾਹਮਣੇ ਬੈਠੇ ਰਹੇ।
ਉਸੇ ਦਿਨ ਸ਼ਾਮ 7 ਵਜੇ ਸੰਸਦ ਦੇ ਸੈਂਟਰਲ ਹਾਲ ’ਚ ਕਾਂਗਰਸੀ ਸੰਸਦ ਮੈਂਬਰਾਂ ਦੀ ਮੀਟਿੰਗ ਹੋਈ। ਸੋਨੀਆ ਗਾਂਧੀ ਨੇ ਰਾਹੁਲ ਅਤੇ ਪ੍ਰਿਅੰਕਾ ਵੱਲ ਦੇਖਿਆ ਅਤੇ ਕਿਹਾ, ਮੇਰਾ ਉਦੇਸ਼ ਕਦੇ ਵੀ ਪ੍ਰਧਾਨ ਮੰਤਰੀ ਬਣਨਾ ਨਹੀਂ ਸੀ। ਮੈਂ ਹਮੇਸ਼ਾ ਸੋਚਦੀ ਸੀ ਕਿ ਜੇ ਮੇਰੇ ਕੋਲ ਕਦੇ ਅਜਿਹੀ ਸਥਿਤੀ ਆ ਗਈ ਤਾਂ ਮੈਂ ਅਪਣੀ ਜ਼ਮੀਰ ਦੀ ਗੱਲ ਸੁਣਾਂਗੀ। ਅੱਜ ਉਹ ਆਵਾਜ਼ ਕਹਿੰਦੀ ਹੈ ਕਿ ਮੈਨੂੰ ਇਸ ਅਹੁਦੇ ਨੂੰ ਪੂਰੀ ਨਿਮਰਤਾ ਨਾਲ ਮਨਜ਼ੂਰ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਦੇਸ਼ ਨੂੰ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮਿਲੇ ਜਿਨ੍ਹਾਂ ਨੂੰ ਅੱਜ ਪੂਰਾ ਦੇਸ਼ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ।