ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦਾ ਕੀਤਾ ਜ਼ਿਕਰ
ਨਵੀਂ ਦਿੱਲੀ : 18ਵੀਂ ਲੋਕ ਸਭਾ ਦੇ ਬਜਟ ਸੈਸ਼ਨ ਅੱਜ ਬੁੱਧਵਾਰ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਨਾਲ ਸ਼ੁਰੂ ਹੋਇਆ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਸਮਾਜਿਕ ਨਿਆਂ ਲਈ ਵਚਨਬੱਧ ਹੈ ਅਤੇ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਨਾਲ ਨਜਿੱਠਣ ਵਿੱਚ ਸਫਲ ਰਹੀ ਹੈ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੌਰਾਨ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ’ਤੇ ਬੋਲਦਿਆਂ ਕਿਹਾ ਕਿ ਲੋਕ ਸਭਾ ’ਚ ਇਸ ’ਤੇ ਵਿਸ਼ੇਸ਼ ਚਰਚਾ ਕੀਤੀ ਗਈ। ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਨੇ 350ਵੇਂ ਸ਼ਹੀਦੀ ਦਿਵਸ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਸੰਸਦ ਦੇ ਇਸ ਸੈਸ਼ਨ ਨੂੰ ਸੰਬੋਧਨ ਕਰਕੇ ਬਹੁਤ ਖੁਸ਼ ਹਾਂ। ਪਿਛਲਾ ਸਾਲ ਭਾਰਤ ਦੀ ਤੇਜ਼ ਪ੍ਰਗਤੀ ਅਤੇ ਵਿਰਾਸਤ ਦੇ ਤਿਉਹਾਰ ਵਜੋਂ ਯਾਦਗਾਰੀ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਭਰ ਵਿਚ ਵੰਦੇ ਮਾਤਰਮ ਦੇ 150 ਸਾਲ ਮਨਾਏ ਜਾ ਰਹੇ ਹਨ। ਇਸ ਮਹਾਨ ਪ੍ਰੇਰਨਾ ਲਈ ਨਾਗਰਿਕ ਬੰਕਿਮ ਚੰਦਰ ਚੈਟਰਜੀ ਅੱਗੇ ਝੁਕ ਰਹੇ ਹਨ। ਮੈਂ ਸਾਰੇ ਸੰਸਦ ਮੈਂਬਰਾਂ ਨੂੰ ਵਧਾਈ ਦਿੰਦੀ ਹਾਂ ਕਿ ਇਸ ਲਈ ਸੰਸਦ ਵਿਚ ਇਕ ਵਿਸ਼ੇਸ਼ ਚਰਚਾ ਕੀਤੀ ਗਈ। ਜਦੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਜੀ ਰਾਮ ਜੀ ’ਤੇ ਗੱਲ ਕੀਤੀ ਤਾਂ ਵਿਰੋਧੀ ਧਿਰਾਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਉਨ੍ਹਾਂ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਪਰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਆਪਣਾ ਭਾਸ਼ਣ ਜਾਰੀ ਰੱਖਿਆ ਗਿਆ।
ਬਜਟ ਸੈਸ਼ਨ 28 ਜਨਵਰੀ ਤੋਂ 2 ਅਪ੍ਰੈਲ ਤੱਕ ਚੱਲੇਗਾ ਅਤੇ ਇਹ ਦੋ ਹਿੱਸਿਆਂ ਵਿੱਚ ਹੋਵੇਗਾ । ਜਿਸ ਦਾ ਪਹਿਲਾ ਹਿੱਸਾ 28 ਜਨਵਰੀ ਤੋਂ 13 ਫਰਵਰੀ ਤੱਕ ਅਤੇ ਦੂਜਾ ਹਿੱਸਾ 9 ਮਾਰਚ ਤੋਂ 2 ਅਪ੍ਰੈਲ ਤੱਕ। ਇਸ ਸਮੇਂ ਦੌਰਾਨ ਕੁੱਲ 30 ਬੈਠਕਾਂ ਹੋਣਗੀਆਂ। 28 ਜਨਵਰੀ ਅਤੇ 1 ਫਰਵਰੀ ਨੂੰ ਕੋਈ ਜ਼ੀਰੋ ਆਵਰ ਨਹੀਂ ਹੋਵੇਗਾ ਅਤੇ ਇਸ ਦਿਨ ਆਮ ਬਜਟ ਪੇਸ਼ ਕੀਤਾ ਜਾਵੇਗਾ।
