
ਨਵੀਂ ਦਿੱਲੀ : ਭਾਰਤੀ ਤਕਨੀਕ ਸੰਸਥਾ (ਆਈਆਈਟੀ ਗਾਂਧੀਨਗਰ) ਦੇ ਵਿਗਿਆਨੀਆਂ ਮੁਤਾਬਕ ਦੇਸ਼ ਦਾ ਲਗਭਗ 50 ਫ਼ੀ ਸਦੀ ਹਿੱਸਾ ਹਾਲੇ ਵੀ ਸੋਕੇ ਦੀ ਮਾਰ ਹੇਠ....
ਨਵੀਂ ਦਿੱਲੀ : ਭਾਰਤੀ ਤਕਨੀਕ ਸੰਸਥਾ (ਆਈਆਈਟੀ ਗਾਂਧੀਨਗਰ) ਦੇ ਵਿਗਿਆਨੀਆਂ ਮੁਤਾਬਕ ਦੇਸ਼ ਦਾ ਲਗਭਗ 50 ਫ਼ੀ ਸਦੀ ਹਿੱਸਾ ਹਾਲੇ ਵੀ ਸੋਕੇ ਦੀ ਮਾਰ ਹੇਠ ਹੈ ਅਤੇ ਇਸ ਵਿਚੋਂ ਘੱਟੋ-ਘੱਟ 16 ਫ਼ੀ ਸਦੀ ਖੇਤਰ ਆਸਾਧਰਣ ਜਾਂ ਸਿਖਰਲੀ ਹਾਲਤ ਵਿਚ ਪਹੁੰਚ ਗਿਆ ਹੈ।
ਭਾਰਤ ਦੀ ਸੋਕਾ ਭਵਿੱਖਬਾਣੀ ਪ੍ਰਣਾਲੀ ਸੰਭਾਲਣ ਵਾਲੀ ਆਈਆਈਟੀ ਗਾਂਧੀਨਗਰ ਨੇ ਇਹ ਅਧਿਐਨ ਕੀਤਾ ਹੈ। ਐਸੋਸੀਏਟ ਪ੍ਰੋਫ਼ੈਸਰ ਵਿਮਲ ਮਿਸ਼ਰਾ ਨੇ ਦਸਿਆ ਕਿ ਜਾਰੀ ਸੋਕਾ ਇਸ ਸਾਲ ਗਰਮੀਆਂ ਵਿਚ ਪਾਣੀ ਦੀ ਉਪਲਭਧਤਾ ਕਾਰਨ ਕਈ ਚੁਨੌਤੀਆਂ ਪੈਦਾ ਕਰੇਗਾ। ਇਸ ਸਟੀਕ ਨਿਗਰਾਨੀ ਸਿਸਟਮ ਨੂੰ ਚਲਾਉਣ ਵਾਲੀ ਟੀਮ ਨੇ ਭਾਰਤੀ ਮੌਸਮ ਵਿਭਾਗ ਤੋਂ ਮੌਸਮ ਅਤੇ ਮੀਂਹ ਸਬੰਧੀ ਅੰਕੜੇ ਇਕੱਠੇ ਕੀਤੇ ਅਤੇ ਫਿਰ ਮਿੱਟੀ ਦੀ ਨਮੀ ਅਤੇ ਸੋਕੇ ਦੇ ਕਾਰਨਾਂ ਸਬੰਧੀ ਅੰਕੜਿਆਂ ਨਾਲ ਇਸ ਦਾ ਅਧਿਐਨ ਕੀਤਾ। ਇਸ ਟੀਮ ਵਿਚ ਪੀਐਚਡੀ ਖੋਜਾਰਥੀ ਅਮਰਦੀਪ ਤਿਵਾੜੀ ਵੀ ਸ਼ਾਮਲ ਸਨ। ਜਲ ਅਤੇ ਜਲਵਾਯੂ ਪ੍ਰਯੋਗਸ਼ਾਲਾ ਦੇ ਮੁਖੀ ਮਿਸ਼ਰਾ ਨੇ ਕਿਹਾ, 'ਦੇਸ਼ ਦਾ ਲਗਭਗ 47 ਫ਼ੀ ਸਦੀ ਹਿੱਸਾ ਸੋਕੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿਚ 16 ਫ਼ੀ ਸਦੀ ਖੇਤਰ ਸੋਕੇ ਦੀ ਸਿਖਰਲੀ ਜਾਂ ਅਸਾਧਾਰਣ ਹਾਲਤ ਵਿਚ ਪਹੁੰਚ ਗਿਆ ਹੈ।
ਇਹ ਅਧਿਐਨ ਸਟੀਕ ਨਿਗਰਾਨੀ ਪ੍ਰਣਾਲੀ ਨਾਲ ਕੀਤਾ ਗਿਆ ਹੈ ਜਿਹੜੀ ਦੇਸ਼ ਲਈ ਬਣਾਈ ਗਈ ਹੈ।' ਮਿਸ਼ਰਾ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਵਿਚ ਇਸ ਸਾਲ ਚੰਗਾ ਮੀਂਹ ਨਹੀਂ ਪਿਆ ਅਤੇ ਝਾਰਖੰਡ, ਦਖਣੀ ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਤਾਮਿਲਨਾਡੂ ਦੇ ਉਤਰੀ ਹਿੱਸੇ ਸੋਕੇ ਦੀ ਲਪੇਟ ਵਿਚ ਹਨ। ਉਨ੍ਹਾਂ ਕਿਹਾ ਕਿ ਸੋਕੇ ਕਾਰਨ ਪਾਣੀ ਖ਼ਤਮ ਹੋ ਰਿਹਾ ਹੈ। ਆਉਣ ਵਾਲੇ ਸਾਲਾਂ ਵਿਚ ਧਰਤੀ ਦੀ ਗਰਮੀ ਅਤੇ ਵਾਤਾਵਰਣ ਤਬਦੀਲੀ ਨਾਲ ਸੋਕੇ ਦਾ ਖ਼ਦਸ਼ਾ ਵਧ ਜਾਵੇਗਾ। (ਏਜੰਸੀ)