
ਲਗਾਤਾਰ 16ਵੇਂ ਦਿਨ ਵੀ ਕਾਰਵਾਈ ਵਿਚ ਅੜਿੱਕਾ ਪੈਂਦਾ ਰਿਹਾ
ਸੰਸਦ ਦੇ ਦੋਹਾਂ ਸਦਨਾਂ ਵਿਚ ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਿਹਾ ਰੇੜਕਾ ਅੱਜ ਵੀ ਜਾਰੀ ਰਿਹਾ ਅਤੇ ਲਗਾਤਾਰ 16ਵੇਂ ਦਿਨ ਵੀ ਕਾਰਵਾਈ ਵਿਚ ਅੜਿੱਕਾ ਪੈਂਦਾ ਰਿਹਾ। ਲੋਕ ਸਭਾ ਵਿਚ ਸਰਕਾਰ ਵਿਰੁਧ ਵੱਖ ਵੱਖ ਪਾਰਟੀਆਂ ਦੁਆਰਾ ਪੇਸ਼ ਬੇਭਰੋਸਗੀ ਮਤੇ 'ਤੇ ਹੰਗਾਮੇ ਕਾਰਨ ਅੱਜ ਵੀ ਅਗਲੀ ਕਾਰਵਾਈ ਨਹੀਂ ਹੋ ਸਕੀ।
ਉਧਰ, ਰਾਜ ਸਭਾ ਵਿਚ ਅੰਨਾਡੀਐਮਕੇ ਦੇ ਮੈਂਬਰਾਂ ਦੇ ਰੌਲੇ ਕਾਰਨ ਸੇਵਾਮੁਕਤ ਹੋ ਰਹੇ ਕਰੀਬ 40 ਮੈਂਬਰਾਂ ਦਾ ਵਿਦਾਈ ਭਾਸ਼ਨ ਨਹੀਂ ਹੋ ਸਕਿਆ। ਸਵੇਰੇ ਲੋਕ ਸਭਾ ਦੀ ਬੈਠਕ ਸ਼ੁਰੂ ਹੋਣ 'ਤੇ ਅੰਨਾਡੀਐਮਕੇ ਦੇ ਮੈਂਬਰ ਪਿਛਲੇ ਦਿਨਾਂ ਵਾਂਗ ਸਪੀਕਰ ਕੋਲ ਆ ਕੇ ਕਾਵੇਰੀ ਬੋਰਡ ਦੇ ਗਠਨ ਲਈ ਨਾਹਰੇਬਾਜ਼ੀ ਕਰਨ ਲੱਗੇ। ਉਧਰ, ਟੀਡੀਪੀ ਦੇ ਮੈਂਬਰ ਅਪਣੀਆਂ ਥਾਵਾਂ 'ਤੇ ਬੈਨਰ ਲੈ ਕੇ ਖੜੇ ਸਨ। ਇਸ ਦੌਰਾਨ ਕਾਂਗਰਸ ਦੇ ਮੈਂਬਰਾਂ ਨੂੰ ਵੀ ਰੌਲਾ-ਰੱਪਾ ਪਾਉਂਦਿਆਂ ਵੇਖਿਆ ਗਿਆ। ਹੰਗਾਮੇ ਵਿਚ ਹੀ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਪ੍ਰਸ਼ਨਕਾਲ ਚਲਾਉਣ ਦਾ ਯਤਨ ਕੀਤਾ ਪਰ ਨਾਹਰੇਬਾਜ਼ੀ ਰੁਕਦੀ ਨਾ ਵੇਖ ਕੇ ਉਨ੍ਹਾਂ ਕਾਰਵਾਈ ਦੁਪਹਿਰ 12 ਵਜੇ ਤਕ ਲਈ ਰੋਕ ਦਿਤੀ।
Lok Sabha
12 ਵਜੇ ਮਗਰੋਂ ਫਿਰ ਰੌਲਾ ਪੈਂਦਾ ਰਿਹਾ ਤੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਲੋਕ ਸਭਾ ਸਪੀਕਰ ਵਲੋਂ ਜ਼ਰੂਰੀ ਕਾਗ਼ਜ਼ ਪੇਸ਼ ਕਰਵਾਉਣ ਮਗਰੋਂ ਵਿਰੋਧੀ ਮੈਂਬਰਾਂ ਨੇ ਬੇਭਰੋਸਗੀ ਮਤੇ ਦਾ ਜ਼ਿਕਰ ਕੀਤਾ। ਕਾਂਗਰਸ ਨੇਤਾ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਮਤੇ ਦੇ ਸਮਰਥਨ ਵਿਚ ਘੱਟੋ-ਘੱਟ 50 ਮੈਂਬਰ ਹੋਣੇ ਚਾਹੀਦੇ ਹਨ ਅਤੇ ਸਾਡੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਉਹ ਚਰਚਾ ਲਈ ਤਿਆਰ ਹਨ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਸਰਕਾਰ ਦਾ ਰੁਖ਼ ਦੁਹਰਾਇਆ ਅਤੇ ਕਿਹਾ ਕਿ ਮੋਦੀ ਸਰਕਾਰ ਮਤਿਆਂ 'ਤੇ ਚਰਚਾ ਲਈ ਤਿਆਰ ਹੈ। ਉਧਰ, ਰਾਜ ਸਭਾ ਵਿਚ ਵੀ ਕਾਰਵਾਈ ਵਿਚ ਅੜਿੱਕਾ ਪੈਂਦਾ ਰਿਹਾ। ਸਭਾਪਤੀ ਵੈਂਕਈਆ ਨਾਇਡੂ ਨੇ ਮੈਂਬਰਾਂ ਨੂੰ ਸ਼ਾਂਤ ਹੋਣ ਲਈ ਕਿਹਾ ਪਰ ਅਖ਼ੀਰ ਉਨ੍ਹਾਂ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ। (ਏਜੰਸੀ)