
ਦੇਸ਼ ਵਿਚ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ 14 ਅਪ੍ਰੈਲ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ 14 ਅਪ੍ਰੈਲ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ। ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਲਈ ਕਿਹਾ ਗਿਆ ਹੈ। ਹਾਲਾਂਕਿ ਹਜ਼ਾਰਾਂ ਦੀ ਗਿਣਤੀ ਵਿਚ ਕਾਮੇ ਦੂਜੇ ਸ਼ਹਿਰਾਂ ਤੋਂ ਆਪਣੇ ਸ਼ਹਿਰਾਂ ਵੱਲ ਜਾ ਰਹੇ ਹਨ। ਉਨ੍ਹਾਂ ਲਈ ਕੋਈ ਸਾਧਨ ਮੁਹੱਈਆ ਨਹੀਂ ਕਰਵਾਏ ਗਏ।
ਅਜਿਹੀ ਸਥਿਤੀ ਵਿਚ ਸਾਰੇ ਲੰਬੇ ਸਫ਼ਰ ‘ਤੇ ਪੈਦਲ ਹੀ ਨਿਕਲ ਗਏ ਹਨ। ਕਈ ਵੀਡੀਓਜ਼ ਸਾਹਮਣੇ ਆਈਆਂ ਹਨ ਜਿਸ ਵਿਚ ਲੋਕਾਂ ਨੂੰ ਸੜਕਾਂ 'ਤੇ ਦੇਖਿਆ ਜਾ ਸਕਦਾ ਹੈ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਨੌਜਵਾਨ ਬਿਹਾਰ ਜਾ ਰਿਹਾ ਹੈ, ਜੋ ਲਗਾਤਾਰ ਤਿੰਨ ਦਿਨ ਬਿਨਾਂ ਕੁਝ ਖਾਧੇ-ਪੀਤੇ ਘੁੰਮ ਰਿਹਾ ਸੀ। ਇਸ ਦੌਰਾਨ ਜਦੋਂ ਉਸ ਨੂੰ ਰਸਤੇ ਵਿਚ ਖਾਣਾ ਮਿਲਿਆ ਤਾਂ ਉਹ ਰੋਣ ਲੱਗ ਪਿਆ।
ਇਸ ਵੀਡੀਓ ਨੂੰ ਰਚਨਾ ਸਿੰਘ ਨਾਮ ਦੀ ਔਰਤ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਰਚਨਾ ਨੇ ਆਪਣੇ ਆਪ ਨੂੰ ਪ੍ਰੋਫਾਈਲ ਵਿਚ ਸਮਾਜਵਾਦੀ ਪਾਰਟੀ ਨਾਲ ਜੁੜਿਆ ਇਕ ਕਾਰਕੁੰਨ ਦੱਸਿਆ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਲਾਲ ਟੋਪੀ ਪਹਿਨੇ ਕੁਝ ਲੋਕ ਘਰ ਜਾ ਰਹੇ ਮਜ਼ਦੂਰਾਂ ਨੂੰ ਰੋਕਦੇ ਹਨ ਅਤੇ ਉਨ੍ਹਾਂ ਨੂੰ ਖਾਣਾ ਦਿੰਦੇ ਹਨ। ਇਸ ਦੌਰਾਨ ਉਹ ਇਕ ਲੜਕੇ ਨਾਲ ਗੱਲ ਕਰਦੇ ਹਨ, ਜੋ ਖਾਣਾ ਖਾਣ ਵੇਲੇ ਉਚੀ ਆਵਾਜ਼ ਵਿਚ ਰੋਣਾ ਸ਼ੁਰੂ ਕਰ ਦਿੰਦਾ ਹੈ।
ਇਸ ਵੀਡੀਓ ਵਿਚ ਰਚਨਾ ਨੇ ਲਿਖਿਆ, “ਅੱਜ ਇਕ ਵਿਅਕਤੀ ਪੈਦਲ ਬਿਹਾਰ ਜਾ ਰਿਹਾ ਸੀ। ਜਦੋਂ 3 ਦਿਨਾਂ ਬਾਅਦ ਉਸ ਨੂੰ ਭੋਜਨ ਮਿਲਿਆ, ਤਾਂ ਰੋ ਪਿਆ।" ਉਸ ਨੇ ਇਸ ਵੀਡੀਓ ਵਿਚ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਨੂੰ ਵੀ ਟੈਗ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ (24 ਮਾਰਚ) ਨੂੰ ਐਲਾਨ ਕੀਤਾ ਕਿ ਦੇਸ਼ ਵਿਚ 21 ਦਿਨਾਂ ਦੀ ਤਾਲਾਬੰਦੀ ਕੀਤੀ ਜਾ ਰਹੀ ਹੈ।
ਹਾਲਾਂਕਿ ਹਜ਼ਾਰਾਂ ਦਿਹਾੜੀਦਾਰ ਮਜ਼ਦੂਰ ਅਤੇ ਹੋਰ ਸ਼ਹਿਰਾਂ ਵਿਚ ਵਸਦੇ ਮਜ਼ਦੂਰ ਪ੍ਰਧਾਨ ਮੰਤਰੀ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਆਪਣੇ ਗ੍ਰਹਿ ਰਾਜਾਂ ਲਈ ਰਵਾਨਾ ਹੋ ਗਏ। ਬੱਸ-ਟਰੇਨ ਦੀ ਕੋਈ ਸਹੂਲਤ ਨਾ ਮਿਲਣ ਦੇ ਬਾਵਜੂਦ ਉਹ ਪੈਦਲ ਚੱਲ ਪਏ। ਜ਼ਿਆਦਾਤਰ ਪੈਦਲ ਯਾਤਰੀ ਉੱਤਰ ਪ੍ਰਦੇਸ਼-ਬਿਹਾਰ ਅਤੇ ਪੰਜਾਬ ਦੇ ਹਨ।