
ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੂੰ ਮਰਨ ਉਪਰੰਤ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਨਵੀਂ ਦਿੱਲੀ: ਸਮਾਜ ਸੇਵਾ ਵਿਚ ਅਹਿਮ ਯੋਗਦਾਨ ਲਈ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੂੰ ਮਰਨ ਉਪਰੰਤ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੋਮਵਾਰ ਨੂੰ ਦਿੱਲੀ ਵਿਖੇ ਹੋਏ ਸਮਾਗਮ ਦੌਰਾਨ ਕਲਗੀਧਰ ਟਰੱਸਟ ਦੇ ਮੁਖੀ ਡਾ. ਦਵਿੰਦਰ ਸਿੰਘ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੋਲੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਨਾਲ ਟਰੱਸਟ ਦੇ ਹੋਰ ਮੈਂਬਰ ਜਸਬੀਰ ਸਿੰਘ ਅਤੇ ਅਮਨਦੀਪ ਸਿੰਘ ਵੀ ਹਾਜ਼ਰ ਸਨ।
1965 ਤੋਂ ਕਲਗੀਧਰ ਟਰੱਸਟ ਦੇ ਇੰਚਾਰਜ ਬਣੇ ਤੇ 1987 ਵਿਚ ਸੇਵਾਮੁਕਤ ਹੋਣ ਤੋਂ ਪਹਿਲਾਂ, ਬਾਬਾ ਜੀ ਨੇ ਅਜਿਹੀ ਸੰਸਥਾ ਖੜੀ ਕਰ ਦਿਤੀ ਜਿਥੇ ਹੁਣ 70,000 ਤੋਂ ਵੱਧ ਬੱਚੇ ਪੜ੍ਹਦੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜ ਪੇਂਡੂ ਉਤਰੀ ਭਾਰਤੀ ਰਾਜਾਂ ਦੇ ਹਨ।
Padma Shri to Sant Baba lqbal Singh (Posthumous) for Social Work
ਬੜੂ ਸਾਹਿਬ ਵਿਖੇ ‘ਅਕਾਲ ਅਕੈਡਮੀ’ ਨਾਂ ਦੇ ਇਕ ਕਮਰੇ ਵਾਲੇ ਸਕੂਲ ਵਿਚ ਸਿਰਫ਼ ਪੰਜ ਵਿਦਿਆਰਥੀਆਂ ਨਾਲ ਬਾਬਾ ਇਕਬਾਲ ਸਿੰਘ ਨੇ ਅਪਣੀ ਪੈਨਸ਼ਨ ਦੇ ਪੈਸੇ ਨਾਲ ਸਕੂਲ ਸ਼ੁਰੂ ਕੀਤਾ ਸੀ ਤੇ ਪਹਿਲੇ ਸਾਲ ਹੀ ਸਕੂਲ ਦੀ ਇਮਾਰਤ ਬਣਵਾਈ ਅਤੇ ਚੰਗਾ ਪ੍ਰਬੰਧ ਕੀਤਾ।
ਉਹਨਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਕੰਮ ਕੀਤਾ ਹੈ। ਬਾਬਾ ਇਕਬਾਲ ਸਿੰਘ ਆਖਰੀ ਸਮੇਂ ਤੱਕ ਸਮਾਜ ਸੇਵਾ ਵਿਚ ਲੱਗੇ ਰਹੇ। ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਡਾ. ਦਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਕਲਗੀਧਰ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਸੀ।