
ਗਡਕਰੀ ਨੇ ਇਹ ਵੀ ਕਿਹਾ ਕਿ ਇਕ ਕਮਜ਼ੋਰ ਕਾਂਗਰਸ ਦਾ ਮਤਲਬ ਹੈ ਕਿ ਖੇਤਰੀ ਪਾਰਟੀਆਂ ਮੁੱਖ ਵਿਰੋਧੀ ਪਾਰਟੀ ਦੀ ਥਾਂ ਲੈ ਰਹੀਆਂ ਹਨ, ਜੋ "ਚੰਗਾ ਸੰਕੇਤ ਨਹੀਂ" ਹੈ।
ਮੁੰਬਈ: ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਲਈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਕੀਤੀਆਂ ਗਈਆਂ ਤਾਜ਼ਾ ਟਿੱਪਣੀਆਂ ਸੁਰਖੀਆਂ ਵਿਚ ਹਨ। ਦਰਅਸਲ ਇਹਨਾਂ ਬਿਆਨਾਂ ਵਿਚ ਗਡਕਰੀ ਦੇ ਸ਼ਬਦਾਂ ਵਿਚ ਕਾਂਗਰਸ ਲਈ ਹਮਦਰਦੀ ਅਤੇ ਉਤਸ਼ਾਹ ਦਿਖਾਈ ਦੇ ਰਿਹਾ ਸੀ। ਇਕ ਪ੍ਰੋਗਰਾਮ 'ਚ ਗਡਕਰੀ ਨੇ ਕਿਹਾ ਕਿ ਲੋਕਤੰਤਰ ਲਈ ਮਜ਼ਬੂਤ ਕਾਂਗਰਸ ਦਾ ਹੋਣਾ ਜ਼ਰੂਰੀ ਹੈ।
ਉਹਨਾਂ ਇਹ ਵੀ ਕਿਹਾ ਕਿ ਇਹ ਉਹਨਾਂ ਦੀ ‘ਇੱਛਾ’ ਹੈ ਕਿ ਲਗਾਤਾਰ ਚੋਣਾਂ ਵਿਚ ਹਾਰ ਰਹੀ ਕਾਂਗਰਸ ਮੁੜ ਮਜ਼ਬੂਤ ਹੋਵੇ ਅਤੇ ਪਾਰਟੀ ਆਗੂ ਨਿਰਾਸ਼ ਹੋ ਕੇ ਪਾਰਟੀ ਦਾ ਸਾਥ ਨਾ ਛੱਡਣ। ਗਡਕਰੀ ਨੇ ਇਹ ਵੀ ਕਿਹਾ ਕਿ ਇਕ ਕਮਜ਼ੋਰ ਕਾਂਗਰਸ ਦਾ ਮਤਲਬ ਹੈ ਕਿ ਖੇਤਰੀ ਪਾਰਟੀਆਂ ਮੁੱਖ ਵਿਰੋਧੀ ਪਾਰਟੀ ਦੀ ਥਾਂ ਲੈ ਰਹੀਆਂ ਹਨ, ਜੋ "ਚੰਗਾ ਸੰਕੇਤ ਨਹੀਂ" ਹੈ।
ਸ਼ਨੀਵਾਰ ਨੂੰ ਇਕ ਪ੍ਰੋਗਰਾਮ 'ਚ ਕੇਂਦਰੀ ਮੰਤਰੀ ਨੇ ਕਿਹਾ, 'ਲੋਕਤੰਤਰ ਦੋ ਪਹੀਆਂ 'ਤੇ ਚੱਲਦਾ ਹੈ- ਸੱਤਾਧਾਰੀ ਪ੍ਰਣਾਲੀ ਅਤੇ ਵਿਰੋਧੀ ਧਿਰ ਨਾਲ। ਲੋਕਤੰਤਰ ਲਈ ਮਜ਼ਬੂਤ ਵਿਰੋਧੀ ਧਿਰ ਜ਼ਰੂਰੀ ਹੈ, ਇਸ ਲਈ ਮੇਰੀ ਇੱਛਾ ਹੈ ਕਿ ਕਾਂਗਰਸ ਮਜ਼ਬੂਤ ਹੋਵੇ। ਉਹਨਾਂ ਕਿਹਾ ਕਿ ਮੈਂ ਪੂਰੇ ਦਿਲ ਨਾਲ ਚਾਹੁੰਦਾ ਹਾਂ ਕਿ ਕਾਂਗਰਸ ਮਜ਼ਬੂਤ ਰਹੇ। ਜਿਹੜੇ ਲੋਕ ਕਾਂਗਰਸ ਦੀ ਵਿਚਾਰਧਾਰਾ 'ਤੇ ਚੱਲਦੇ ਹਨ, ਉਹਨਾਂ ਨੂੰ ਪਾਰਟੀ ਨਾਲ ਡਟ ਕੇ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਾਰ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਜੇਕਰ ਹਾਰ ਹੋਈ ਤਾਂ ਇਕ ਦਿਨ ਜਿੱਤ ਵੀ ਹੋਵੇਗੀ।
ਉਹਨਾਂ ਨੇ ਉਸ ਸਮੇਂ ਨੂੰ ਵੀ ਯਾਦ ਕੀਤਾ ਜਦੋਂ ਭਾਜਪਾ ਸੰਸਦ ਵਿਚ ਸਿਰਫ਼ 2 ਸੀਟਾਂ ਹੀ ਜਿੱਤ ਸਕੀ ਸੀ। ਮੰਤਰੀ ਨੇ ਕਿਹਾ, "ਪਰ ਪਾਰਟੀ ਵਰਕਰਾਂ ਦੀ ਸਖ਼ਤ ਮਿਹਨਤ ਨੇ ਸਮਾਂ ਬਦਲ ਦਿੱਤਾ ਅਤੇ ਸਾਨੂੰ ਅਟਲ ਬਿਹਾਰੀ ਵਾਜਪਾਈ ਦੇ ਰੂਪ ਵਿਚ ਪ੍ਰਧਾਨ ਮੰਤਰੀ ਮਿਲਿਆ।" ਅਜਿਹੀ ਸਥਿਤੀ ਵਿਚ ਨਿਰਾਸ਼ ਹੋ ਕੇ ਆਪਣੀ ਵਿਚਾਰਧਾਰਾ ਨੂੰ ਤਿਆਗਣਾ ਨਹੀਂ ਚਾਹੀਦਾ।