
ਉਹਨਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਇਹਨਾਂ ਚੀਜ਼ਾਂ ਉੱਤੇ ਚਿੰਤਾ ਕਰਨ ਦੀ ਲੋੜ ਹੈ ਕਿ ਕੀ ਮਲਿਕਾਅਰਜੁਨ ਖੜਗੇ ਕਮੇਟੀ ਨੂੰ ਬਣਾਉਣਾ ਸਹੀ ਸੀ?
ਨੰਗਲ: ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਐਤਵਾਰ ਨੂੰ ਨੰਗਲ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੇ ਅਪਣੀ ਹਾਰ ਨੂੰ ਸਵੀਕਾਰ ਕਰਦਿਆਂ ਨਵੀਂ ਸਰਕਾਰ ਨੂੰ ਵਧਾਈ ਦਿੱਤੀ ਹੈ ਪਰ ਸਾਨੂੰ ਹਾਰ ਦੇ ਕਾਰਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ 2021 ਤੱਕ ਪੰਜਾਬ ਵਿਚ ਕੋਈ ਇਹ ਨਹੀਂ ਕਹਿੰਦਾ ਸੀ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨਹੀਂ ਬਣੇਗੀ ਪਰ ਮਾਰਚ 2021 ਤੋਂ ਲੈ ਕੇ ਫਰਵਰੀ 2022 ਤੱਕ ਅਸੀਂ ਅਜਿਹਾ ਕਿਹੜਾ ਚੰਨ ਚਾੜ੍ਹਿਆ ਕਿ ਲੋਕਾਂ ਨੇ ਸਾਨੂੰ ਇਸ ਤਰ੍ਹਾਂ ਨਕਾਰਿਆ ਤੇ ਸਾਡੀ ਕਰਾਰੀ ਹਾਰ ਹੋਈ, ਕਾਂਗਰਸ ਨੂੰ ਇਸ ਉੱਤੇ ਧਿਆਨ ਦੇਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਇਹਨਾਂ ਚੀਜ਼ਾਂ ਉੱਤੇ ਚਿੰਤਾ ਕਰਨ ਦੀ ਲੋੜ ਹੈ ਕਿ ਕੀ ਮਲਿਕਾਅਰਜੁਨ ਖੜਗੇ ਕਮੇਟੀ ਨੂੰ ਬਣਾਉਣਾ ਸਹੀ ਸੀ? ਕੀ 2017 ਵਿਚ ਪਾਰਟੀ ’ਚ ਸ਼ਾਮਲ ਹੋਏ ਨਵਜੋਤ ਸਿੱਧੂ ਨੂੰ ਪੰਜਾਬ ਦੀ ਪ੍ਰਧਾਨਗੀ ਦੇਣਾ ਸਹੀ ਸੀ? ਕੀ ਕੈਪਟਨ ਅਮਰਿੰਦਰ ਸਿੰਘ ਨੂੰ CM ਅਹੁਦੇ ਤੋਂ ਹਟਾਉਣਾ ਸਹੀ ਸੀ? ਹਰੀਸ਼ ਰਾਵਤ ਨੇ ਪੰਜਾਬ ਵਿਚ ਕਾਂਗਰਸ ਦਾ ਜੋ ਨੁਕਸਾਨ ਕੀਤਾ, ਇਹ ਕਿਸ ਦੀ ਜ਼ਿੰਮੇਵਾਰੀ ਹੈ? ਹਰੀਸ਼ ਚੌਧਰੀ ਨੇ ਜੋ ਗ਼ਲਤ ਟਿਕਟਾਂ ਵੰਡੀਆਂ, ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਚੋਣਾਂ ਦੌਰਾਨ ਸੁਨੀਲ ਜਾਖੜ ਦੀ ਹਿੰਦੂਆਂ-ਸਿੱਖਾਂ ਨੂੰ ਲੈ ਕੇ ਜੋ ਬਿਆਨਬਾਜ਼ੀ ਰਹੀ, ਉਸ ਦੀ ਕੀ ਜ਼ਿੰਮੇਵਾਰੀ ਹੈ? ਉਹਨਾਂ ਕਿਹਾ ਕਿ ਇਹਨਾਂ ਚੀਜ਼ਾਂ ਉੱਤੇ ਕਾਂਗਰਸ ਲੀਡਰਸ਼ਿਪ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਮਨੀਸ਼ ਤਿਵਾੜੀ ਨੇ ਕਿਹਾ ਕਿ ਜੇਕਰ ਅਸੀਂ ਇਹ ਸੋਚੀਏ ਕਿ ਹਨ੍ਹੇਰੀ ਆ ਗਈ ਤੇ ਲੋਕ ਹਨ੍ਹੇਰੀ ਵਿਚ ਬਹਿ ਗਏ ਤਾਂ ਸਾਡੇ ਤੋਂ ਵੱਡਾ ਬੇਵਕੂਫ ਕੋਈ ਨਹੀਂ ਹੋਵੇਗਾ। ਹਾਰ ਦੇ ਬੁਨਿਆਦੀ ਕਾਰਨਾਂ ਉੱਤੇ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜਮਾਂਦਰੂ ਕਾਂਗਰਸੀਆਂ ਨੂੰ ਇਕੱਠੇ ਬੈਠ ਕੇ ਕਾਂਗਰਸ ਨੂੰ ਬਚਾਉਣ ਅਤੇ ਕਾਂਗਰਸ ਨੂੰ ਮੁੜ ਖੜ੍ਹੇ ਕਰਨ ਲਈ ਵਿਚਾਰ ਕਰਨਾ ਚਾਹੀਦਾ ਹੈ।
ਮਨੀਸ਼ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਵਿਚ ਅਸੀਂ ਵਿਰੋਧੀ ਧਿਰ ਹਾਂ ਅਤੇ ਅਸੀਂ ਰੋਜ਼ ਮੋਦੀ ਸਰਕਾਰ ਨੂੰ ਘੇਰਦੇ ਹਾਂ। ਇਸ ਦਾ ਖਮਿਆਜ਼ਾ ਉਹਨਾਂ ਦੇ ਹਲਕੇ ਨੂੰ ਭੁਗਤਣਾ ਪੈਂਦਾ ਹੈ ਪਰ ਫਿਰ ਵੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਮੁੱਦੇ ਹੱਲ ਕਰਵਾਏ ਜਾਣ। ਇਸ ਮੌਕੇ ਉਹਨਾਂ ਨੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਬਣੇ ਹਰਜੋਤ ਬੈਂਸ ਨੂੰ ਕੈਬਨਿਟ ਮੰਤਰੀ ਬਣਨ ਲਈ ਵਧਾਈ ਦਿੱਤੀ। ਉਹਨਾਂ ਉਮੀਦ ਜਤਾਈ ਕਿ ਪੰਜਾਬ ਸਰਕਾਰ ਸਥਾਨਕ ਮੁੱਦਿਆਂ ਦਾ ਹੱਲ਼ ਕਰੇਗੀ ਅਤੇ ਉਹਨਾਂ ਨੂੰ ਕੇਂਦਰ ਸਰਕਾਰ ਕੋਲ ਚੁੱਕੇਗੀ।
ਮਨੀਸ਼ ਤਿਵਾੜੀ ਨੇ ਅਜੌਲੀ ਮੋੜ ਤੋਂ ਖੂਨੀ ਚੌਕ ਦੇ ਨਾਂਅ ਨਾਲ ਮਸ਼ਹੂਰ ਸ਼ਿਵਾਲਿਕ ਐਵੀਨਿਊ ਚੌਕ ਤੱਕ ਨਿਰਮਾਣ ਅਧੀਨ ਫਲਾਈਓਵਰ ਦਾ ਜਾਇਜ਼ਾ ਲਿਆ। ਉਹਨਾਂ ਪਿਛਲੇ ਦਿਨੀਂ ਲੋਕ ਸਭਾ ਵਿਚ ਸ਼ਿਵਾਲਿਕ ਐਵੀਨਿਊ ਚੌਕ ਦੇ ਪਾਰ ਇਸ ਫਲਾਈਓਵਰ ਨੂੰ ਬਣਾਉਣ ਦਾ ਮੁੱਦਾ ਵੀ ਉਠਾਇਆ ਸੀ। ਉਹਨਾਂ ਕਿਹਾ ਕਿ ਉਹ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗ ਕਰਕੇ ਇਹ ਮੁੱਦਾ ਹੱਲ ਕਰਵਾਉਣਗੇ। ਬੀਬੀਐਮਬੀ ਮੁੱਦੇ ਬਾਰੇ ਗੱਲ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਨਵੇਂ ਨੋਟੀਫਿਕੇਸ਼ਨ ਦੇ ਨਿਯਮਾਂ ਨਾਲ ਪੰਜਾਬ ਦਾ ਬਹੁਤ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ।