ਰਾਹੁਲ ਨੇ ਇਹ ਵੀ ਕਿਹਾ ਕਿ 12 ਤੁਗਲਕ ਲੇਨ 'ਚ ਰਹਿੰਦਿਆਂ ਅਤੇ ਸਾਂਸਦ ਦੇ ਰੂਪ 'ਚ ਬੰਗਲੇ 'ਚ ਰਹਿੰਦਿਆਂ ਉਨ੍ਹਾਂ ਦੀਆਂ ਕਈ ਯਾਦਾਂ ਹਨ
ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਕਾਂਗਰਸੀ ਆਗੂ ਨੇ ਹੁਣ ਸਰਕਾਰੀ ਬੰਗਲਾ ਖਾਲੀ ਕਰਨ ਦੇ ਨੋਟਿਸ ਦਾ ਜਵਾਬ ਦਿੱਤਾ ਹੈ। ਇਸ ਨੋਟਿਸ 'ਤੇ ਆਪਣਾ ਜਵਾਬ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਇਸ ਆਦੇਸ਼ ਦੀ ਪਾਲਣਾ ਕਰਨਗੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਰਿਹਾਇਸ਼ ਨਾਲ ਉਨ੍ਹਾਂ ਦੀਆਂ ਕਈ ਯਾਦਾਂ ਜੁੜੀਆਂ ਹੋਈਆਂ ਹਨ।
ਰਾਹੁਲ ਗਾਂਧੀ ਨੇ ਬੰਗਲਾ ਖਾਲੀ ਕਰਨ ਲਈ ਦਿੱਤੇ ਗਏ ਪੱਤਰ ਦਾ ਜਵਾਬ ਦਿੰਦੇ ਹੋਏ ਲੋਕ ਸਭਾ ਦੇ ਉਪ ਸਕੱਤਰ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ਉਹ ਇਸ ਹੁਕਮ ਦੀ ਪਾਲਣਾ ਕਰਨਗੇ। ਇਸ ਦੇ ਨਾਲ ਹੀ ਰਾਹੁਲ ਨੇ ਇਹ ਵੀ ਕਿਹਾ ਕਿ 12 ਤੁਗਲਕ ਲੇਨ 'ਚ ਰਹਿੰਦਿਆਂ ਅਤੇ ਸਾਂਸਦ ਦੇ ਰੂਪ 'ਚ ਬੰਗਲੇ 'ਚ ਰਹਿੰਦਿਆਂ ਉਨ੍ਹਾਂ ਦੀਆਂ ਕਈ ਯਾਦਾਂ ਹਨ, ਪਰ ਉਹ ਹੁਣ ਉਨ੍ਹਾਂ ਨੂੰ ਦਿੱਤੇ ਹੁਕਮਾਂ ਦੀ ਪਾਲਣਾ ਕਰਨਗੇ।
ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੰਗਲਾ ਖਾਲੀ ਕਰਨ ਦੇ ਨੋਟਿਸ ਬਾਰੇ ਕਿਹਾ ਕਿ ਇਹ ਲੋਕ ਰਾਹੁਲ ਗਾਂਧੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। ਜੇਕਰ ਰਾਹੁਲ ਬੰਗਲਾ ਖਾਲੀ ਕਰ ਦਿੰਦੇ ਹਨ ਤਾਂ ਵੀ ਉਹ ਆਪਣੀ ਮਾਂ ਸੋਨੀਆ ਗਾਂਧੀ ਕੋਲ ਰਹਿ ਸਕਦੇ ਹਨ ਜਾਂ ਮੇਰੇ ਕੋਲ ਆ ਸਕਦੇ ਹਨ।
ਦਰਅਸਲ, ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਲੋਕ ਸਭਾ ਹਾਊਸਿੰਗ ਕਮੇਟੀ ਨੇ ਰਾਹੁਲ ਗਾਂਧੀ ਨੂੰ ਅਲਾਟ ਕੀਤਾ ਬੰਗਲਾ ਖਾਲੀ ਕਰਨ ਦਾ ਨੋਟਿਸ ਦਿੱਤਾ ਹੈ। ਨੋਟਿਸ ਮੁਤਾਬਕ ਰਾਹੁਲ ਨੂੰ 22 ਅਪ੍ਰੈਲ ਤੱਕ ਬੰਗਲਾ ਖਾਲੀ ਕਰਨਾ ਹੋਵੇਗਾ।