
ਪਤਨੀ ਨੂੰ ਰੋਕਦਾ ਸੀ ਪ੍ਰੇਮੀ ਨਾਲ ਗੱਲ ਕਰਨ ਤੋਂ
ਯੂਪੀ ਦੇ ਮੁਜ਼ੱਫਰਨਗਰ ’ਚ ਪਤਨੀ ਨੇ ਆਪਣੇ ਪਤੀ ਦੀ ਕੌਫੀ ਵਿਚ ਜ਼ਹਿਰ ਮਿਲਾਇਆ। ਕਾਰਨ ਇਹ ਹੈ ਕਿ ਨੌਜਵਾਨ ਆਪਣੀ ਪਤਨੀ ਨੂੰ ਉਸ ਦੇ ਪ੍ਰੇਮੀ ਨਾਲ ਗੱਲ ਕਰਨ ਤੋਂ ਰੋਕਦਾ ਸੀ। ਦੇਰ ਰਾਤ ਦਫ਼ਤਰ ਤੋਂ ਵਾਪਸ ਆਉਣ ਤੋਂ ਬਾਅਦ, ਨੌਜਵਾਨ ਨੇ ਆਪਣੀ ਪਤਨੀ ਤੋਂ ਕੌਫੀ ਮੰਗੀ। ਰਾਤ 10:30 ਵਜੇ ਉਸ ਦੀ ਪਤਨੀ ਕੌਫੀ ਲੈ ਕੇ ਆਈ। ਕੌਫੀ ਪੀਣ ਤੋਂ ਬਾਅਦ ਉਸ ਨੂੰ ਉਲਟੀਆਂ ਆਉਣ ਲੱਗੀਆਂ।
ਉਸ ਦੇ ਪਰਿਵਾਰ ਨੇ ਉਸ ਨੂੰ ਖਤੌਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਮੇਰਠ ਰੈਫ਼ਰ ਕਰ ਦਿਤਾ ਗਿਆ। ਸੀਓ ਰਾਮ ਆਸ਼ੀਸ਼ ਯਾਦਵ ਨੇ ਕਿਹਾ ਕਿ ਅਨੁਜ ਸ਼ਰਮਾ (30) ਤੇ ਪਿੰਕੀ (28) ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ। ਦੋਵਾਂ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਇਸ ਕਾਰਨ ਪਤਨੀ ਪਿੰਕੀ ਆਪਣੇ ਮਾਪਿਆਂ ਦੇ ਘਰ ਰਹਿੰਦੀ ਸੀ।
ਉਹ ਸਿਰਫ਼ 15 ਦਿਨ ਪਹਿਲਾਂ ਹੀ ਆਪਣੇ ਸਹੁਰੇ ਘਰ ਆਈ ਸੀ। ਅਨੁਜ ਦੀ ਭੈਣ ਨੇ ਪਿੰਕੀ ਵਿਰੁਧ ਕੇਸ ਦਰਜ ਕਰਵਾਇਆ ਹੈ। ਸੀਓ ਖਤੌਲੀ ਰਾਮਾਸ਼ੀਸ਼ ਯਾਦਵ ਨੇ ਦਸਿਆ ਕਿ 25 ਮਾਰਚ ਨੂੰ ਸੂਚਨਾ ਮਿਲੀ ਸੀ ਕਿ ਪਤਨੀ ਨੇ ਆਪਣੇ ਪਤੀ ਨੂੰ ਕੌਫੀ ਵਿਚ ਜ਼ਹਿਰ ਮਿਲਾ ਕੇ ਦਿਤਾ ਹੈ। ਪਤੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਪਤਨੀ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।