
ਹਰਦੀਪ ਪੁਰੀ ਨੇ ਕਿਹਾ ਹੈ ਕਿ ਜੇਕਰ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਸੂਬੇ ਦਰਾਮਦ ਸ਼ਰਾਬ ਦੀ ਬਜਾਏ ਪੈਟਰੋਲੀਅਮ ਪਦਾਰਥਾਂ 'ਤੇ ਟੈਕਸ ਘਟਾਉਣ ਤਾਂ ਪੈਟਰੋਲ ਸਸਤਾ ਹੋ ਜਾਵੇਗਾ।
ਨਵੀਂ ਦਿੱਲੀ: ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਗੈਰ ਭਾਜਪਾ ਸ਼ਾਸਤ ਮੁੱਖ ਮੰਤਰੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਲਾਏ ਜਾ ਰਹੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਹਰਦੀਪ ਪੁਰੀ ਨੇ ਕਿਹਾ ਹੈ ਕਿ ਜੇਕਰ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਸੂਬੇ ਦਰਾਮਦ ਸ਼ਰਾਬ ਦੀ ਬਜਾਏ ਈਂਧਨ 'ਤੇ ਟੈਕਸ ਘਟਾਉਂਦੇ ਹਨ ਤਾਂ ਪੈਟਰੋਲ ਸਸਤਾ ਹੋ ਜਾਵੇਗਾ।
ਉਹਨਾਂ ਨੇ ਇਕ ਪੋਸਟ ਵਿਚ ਲਿਖਿਆ, "ਜੇਕਰ ਵਿਰੋਧੀ ਸ਼ਾਸਨ ਵਾਲੇ ਸੂਬੇ ਆਯਾਤ ਸ਼ਰਾਬ ਦੀ ਬਜਾਏ ਈਂਧਨ 'ਤੇ ਟੈਕਸ ਘਟਾ ਦਿੰਦੇ ਹਨ ਤਾਂ ਪੈਟਰੋਲ ਸਸਤਾ ਹੋ ਜਾਵੇਗਾ!” ਕੇਂਦਰੀ ਮੰਤਰੀ ਨੇ ਅੱਗੇ ਲਿਖਿਆ ਮਹਾਰਾਸ਼ਟਰ ਸਰਕਾਰ ਨੇ ਪੈਟਰੋਲ ’ਤੇ 32.15/ਲੀਟਰ ਅਤੇ ਕਾਂਗਰਸ ਸ਼ਾਸਤ ਰਾਜਸਥਾਨ ਨੇ ਇਸ ’ਤੇ 29.10 / ਲੀਟਰ ਟੈਕਸ ਲਗਾਇਆ ਹੈ ਜਦਕਿ ਭਾਜਪਾ ਸ਼ਾਸਤ ਉੱਤਰਾਖੰਡ ਵਿਚ ਸਿਰਫ 14.51 ਰੁਪਏ / ਲੀਟਰ ਅਤੇ ਉੱਤਰ ਪ੍ਰਦੇਸ਼ ਵਿਚ 16.50 ਰੁਪਏ / ਲੀਟਰ ਟੈਕਸ ਹੈ। ਵਿਰੋਧ ਪ੍ਰਦਰਸ਼ਨ ਕਰਨ ਨਾਲ ਤੱਥ ਨਹੀਂ ਬਦਲਣਗੇ!”
ਇਕ ਹੋਰ ਟਵੀਟ ਵਿਚ ਹਰਦੀਪ ਪੁਰੀ ਨੇ ਲਿਖਿਆ ਕਿ ਮਹਾਰਾਸ਼ਟਰ ਸਰਕਾਰ ਨੇ ਸਾਲ 2018 ਤੋਂ ਹੁਣ ਤੱਕ 79,412 ਕਰੋੜ ਰੁਪਏ ਫਿਊਲ ਟੈਕਸ ਦੇ ਰੂਪ ਵਿਚ ਇਕੱਠੇ ਕੀਤੇ ਹਨ ਅਤੇ ਇਸ ਸਾਲ 33,000 ਕਰੋੜ ਰੁਪਏ ਇਕੱਠੇ ਹੋਣ ਦਾ ਅਨੁਮਾਨ ਹੈ। ਉਹ ਲੋਕਾਂ ਨੂੰ ਰਾਹਤ ਦੇਣ ਲਈ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਕਿਉਂ ਨਹੀਂ ਘਟਾਉਂਦੇ?
ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ 'ਚ ਕੋਵਿਡ-19 ਦੀ ਸਥਿਤੀ 'ਤੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਸਮੀਖਿਆ ਬੈਠਕ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਵੀ ਚਰਚਾ ਕੀਤੀ। ਉਹਨਾਂ ਕਿਹਾ ਸੀ ਕਿ ਸੂਬਾ ਸਰਕਾਰ ਨੂੰ ਵੈਟ ਘਟਾ ਕੇ ਨਾਗਰਿਕਾਂ 'ਤੇ ਬੋਝ ਘੱਟ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਹਾਰਾਸ਼ਟਰ, ਪੱਛਮੀ ਬੰਗਾਲ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕੇਰਲ, ਝਾਰਖੰਡ, ਤਾਮਿਲਨਾਡੂ ਨੇ ਕਿਸੇ ਨਾ ਕਿਸੇ ਕਾਰਨ ਕੇਂਦਰ ਸਰਕਾਰ ਦੀ ਗੱਲ ਨਹੀਂ ਮੰਨੀ।