
ਤਾਲਾਬੰਦੀ ਨੇ ਮਜ਼ਦੂਰ ਵਰਗ ਨੂੰ ਸੱਭ ਤੋਂ ਵੱਧ ਭਿਆਨਕ ਸਥਿਤੀਆਂ ਪ੍ਰਦਾਨ ਕੀਤੀਆਂ।
ਮੁਜੱਫ਼ਰਪੁਰ, 27 ਮਈ : ਤਾਲਾਬੰਦੀ ਨੇ ਮਜ਼ਦੂਰ ਵਰਗ ਨੂੰ ਸੱਭ ਤੋਂ ਵੱਧ ਭਿਆਨਕ ਸਥਿਤੀਆਂ ਪ੍ਰਦਾਨ ਕੀਤੀਆਂ। ਆਏ ਦਿਨ ਮਜ਼ਦੂਰਾਂ ਦੀ ਬਦਹਾਲੀ ਦੀਆਂ ਤਸਵੀਰਾਂ ਭਾਵੇਂ ਰੋਜ਼ਾਨਾ ਦੇਖਣ ਨੂੰ ਮਿਲ ਰਹੀਆਂ ਹਨ ਪਰ ਬਿਹਾਰ ਦੇ ਮੁਜੱਫ਼ਰਪੁਰ ਰੇਲਵੇ ਸਟੇਸ਼ਨ ਤੋਂ ਇਕ ਰੂਹ ਕੰਬਾਊ ਤਸਵੀਰ ਸਾਹਮਣੇ ਆਈ ਹੈ। ਭਿਆਨਕ ਗਰਮੀ ਤੇ ਭੁੱਖ ਤੋਂ ਬੇਹਾਲ ਹੋ ਕੇ ਬਿਹਾਰ ਦੇ ਮੁਜੱਫ਼ਰਪੁਰ ਰੇਲਵੇ ਸਟੇਸ਼ਨ ’ਤੇ ਇਕ ਮਹਿਲਾ ਨੇ ਦਮ ਤੋੜ ਦਿਤਾ ਤੇ ਉਸ ਦਾ ਮਾਸੂਮ ਬੱਚਾ ਅਪਣੀ ਮਰੀ ਮਾਂ ’ਤੇ ਦਿਤੀ ਚਾਦਰ ਨੂੰ ਹਟਾ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਘਟਨਾ ਦੀ ਰੂਹ ਨੂੰ ਕੰਬਾਉਣ ਵਾਲੀ ਵੀਡੀਉ ਸਾਹਮਣੇ ਆਈ।
File photo
ਸੋਸ਼ਲ ਮੀਡੀਆ ’ਤੇ ਇਸ ਖ਼ਬਰ ਦਾ ਵੀਡੀਉ ਕਾਫ਼ੀ ਵਾਇਰਲ ਹੋ ਚੁੱਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰਾਂ ਅਜੇ ਵੀ ਮਜ਼ਦੂਰਾਂ ਨੂੰ ਵੱਡੀਆਂ ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀਆਂ ਹਨ ਪਰ ਦੋ ਮਹੀਨਿਆਂ ’ਚ ਵੀ ਸਰਕਾਰਾਂ ਕੋਲੋਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਨਹੀਂ ਪਹੁੰਚਾਇਆ ਜਾ ਸਕਿਆ। ਇਸ ਔਰਤ ਦੀ ਮੌਤ ਪਾਣੀ ਦੀ ਕਮੀ ਕਾਰਨ ਦੱਸੀ ਜਾ ਰਹੀ ਹੈ। ਸਰਕਾਰਾਂ ਨੇ ਗ਼ਰੀਬਾਂ ਨੂੰ ਹੋਰ ਤਾਂ ਕੀ ਮੁਹਈਆ ਕਰਵਾਉਣੀਆਂ ਸਨ, ਉਹ ਮਜ਼ਦੂਰਾਂ ਲਈ ਪਾਣੀ ਦਾ ਪ੍ਰਬੰਧ ਵੀ ਨਹੀਂ ਕਰ ਸਕੀਆਂ। (ਏਜੰਸੀ)