
ਇੰਡੀਗੋ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਵੀ ਹੋਇਆ ਜਾਰੀ
ਨਵੀਂ ਦਿੱਲੀ : ਅਪਾਹਜ ਬੱਚੇ ਨੂੰ ਫਲਾਈਟ 'ਚ ਨਾ ਬਿਠਾਉਣ ਦੇ ਮਾਮਲੇ ਵਿਚ ਡੀਜੀਸੀਏ ਨੇ ਵੱਡਾ ਐਕਸ਼ਨ ਲਿਆ ਹੈ। ਡੀਜੀਸੀਏ ਨੇ ਇੰਡੀਗੋ 'ਤੇ ਅਪਾਹਜ ਬੱਚੇ ਨੂੰ ਫਲਾਈਟ 'ਚ ਸਵਾਰ ਹੋਣ ਦੀ ਇਜਾਜ਼ਤ ਨਾ ਦੇਣ 'ਤੇ 5 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਇੰਡੀਗੋ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
Indigo
7 ਮਈ ਨੂੰ, ਇੰਡੀਗੋ ਨੇ ਰਾਂਚੀ-ਹੈਦਰਾਬਾਦ ਫਲਾਈਟ ਤੋਂ ਇੱਕ ਅਪਾਹਜ ਬੱਚੇ ਨੂੰ ਉਤਾਰ ਦਿੱਤਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਬਾਅਦ 'ਚ ਏਅਰਲਾਈਨਜ਼ ਨੇ ਦੱਸਿਆ ਕਿ ਬੱਚਾ ਫਲਾਈਟ 'ਚ ਸਵਾਰ ਹੋਣ ਤੋਂ ਡਰਦਾ ਸੀ, ਉਸ ਦੀ ਸਥਿਤੀ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਏਅਰਲਾਈਨਜ਼ ਨੇ ਇਹ ਫੈਸਲਾ ਲਿਆ।
Indigo
7 ਮਈ ਨੂੰ ਅਪਾਹਜ ਬੱਚਾ ਆਪਣੇ ਮਾਤਾ-ਪਿਤਾ ਨਾਲ ਰਾਂਚੀ ਤੋਂ ਹੈਦਰਾਬਾਦ ਦੀ ਫਲਾਈਟ ਫੜਨ ਲਈ ਰਾਂਚੀ ਏਅਰਪੋਰਟ ਆਇਆ ਸੀ। ਇਸ ਦੌਰਾਨ ਉਸ ਨੂੰ ਇੰਡੀਗੋ ਦੀ ਰਾਂਚੀ-ਹੈਦਰਾਬਾਦ ਫਲਾਈਟ 'ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਬੱਚੇ ਦੇ ਮਾਤਾ-ਪਿਤਾ ਏਅਰਲਾਈਨ ਦੇ ਕਰਮਚਾਰੀ ਨੂੰ ਮਿੰਨਤਾਂ ਕਰਦੇ ਰਹੇ ਪਰ ਉਹ ਨਹੀਂ ਮੰਨਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਹਿ ਯਾਤਰੀਆਂ ਨੇ ਵੀ ਕੰਪਨੀ ਦੇ ਕਰਮਚਾਰੀਆਂ ਨੂੰ ਫਲਾਈਟ 'ਚ ਸਹਿਯੋਗ ਦਾ ਭਰੋਸਾ ਦਿੱਤਾ ਪਰ ਕਰਮਚਾਰੀ ਨੇ ਬੱਚੇ ਨੂੰ ਫਲਾਈਟ 'ਚ ਨਹੀਂ ਚੜ੍ਹਨ ਦਿੱਤਾ।
ਇਸ ਮਾਮਲੇ 'ਚ ਕੀਤੇ ਗਏ ਟਵੀਟ 'ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਲਿਖਿਆ, 'ਇਸ ਤਰ੍ਹਾਂ ਦੇ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਂ ਖੁਦ ਮਾਮਲੇ ਦੀ ਜਾਂਚ ਕਰ ਰਿਹਾ ਹਾਂ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਵੀ ਇੰਡੀਗੋ ਤੋਂ ਰਿਪੋਰਟ ਮੰਗੀ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ ਕੀਤੀ ਗਈ ਹੈ।