
ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਤਲਾਸ਼ੀ ਮੁਹਿੰਮ ਜਾਰੀ
Mine Collapse In Mizoram : ਮਿਜ਼ੋਰਮ ਵਿੱਚ ਅੱਜ ਜ਼ਮੀਨ ਖਿਸਕਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਆਈਜ਼ੌਲ ਸ਼ਹਿਰ 'ਚ ਭਾਰੀ ਮੀਂਹ ਕਾਰਨ ਪੱਥਰ ਦੀ ਖਾਨ ਧਸ ਗਈ ਹੈ, ਜਿਸ 'ਚ ਕੰਮ ਕਰ ਰਹੇ ਮਜ਼ਦੂਰ ਮਲਬੇ ਹੇਠਾਂ ਦੱਬੇ ਗਏ। ਇਸ ਦੌਰਾਨ 10 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ 2 ਲੋਕਾਂ ਨੂੰ ਬਚਾਇਆ ਗਿਆ ਹੈ।
ਦੱਸਿਆ ਜਾ ਰਿਹਾ ਕਈ ਮਜ਼ਦੂਰ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੱਕ 10 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 6 ਮਜ਼ਦੂਰ ਸੂਬੇ ਤੋਂ ਬਾਹਰ ਦੇ ਹਨ। ਮ੍ਰਿਤਕਾਂ ਦੀ ਪਛਾਣ ਅਜੇ ਬਾਕੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਹਿਰ ਦੇ ਦੱਖਣੀ ਹਿੱਸੇ 'ਚ ਸਥਿਤ ਮੇਲਥਮ ਅਤੇ ਹਲੀਮੇਨ ਦੇ ਵਿਚਕਾਰ ਖੇਤਰ 'ਚ ਪੁੱਟੀ ਗਈ ਇਕ ਖਾਨ 'ਚ ਵਾਪਰਿਆ ਹੈ। ਖੱਡ ਦੇ ਧੱਸਦੇ ਹੀ ਮਜ਼ਦੂਰਾਂ ਵਿੱਚ ਭਗਦੜ ਮੱਚ ਗਈ ਸੀ ਪਰ ਸਾਰੇ ਬਾਹਰ ਨਹੀਂ ਨਿਕਲ ਸਕੇ। ਤਲਾਸ਼ੀ ਮੁਹਿੰਮ ਦੌਰਾਨ ਮੌਕੇ ਤੋਂ ਬਚਾਏ ਗਏ ਬੱਚੇ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।
ਇਸ ਹਾਦਸੇ ਦੀ ਸੂਚਨਾ ਪੁਲਸ ਅਤੇ ਪ੍ਰਸ਼ਾਸਨ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ NDRF ਅਤੇ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਲੋਕਾਂ ਨੂੰ ਕੰਟਰੋਲ ਕਰਨ ਲਈ ਮੌਕੇ 'ਤੇ ਪੁਲਿਸ ਫੋਰਸ ਵੀ ਤਾਇਨਾਤ ਹੈ, ਜਿਸ ਕਾਰਨ ਲੋਕਾਂ 'ਚ ਗੁੱਸਾ ਹੈ। ਉਹ ਆਪਣੇ ਪਰਿਵਾਰਾਂ ਨੂੰ ਬਾਹਰ ਕੱਢਣ ਲਈ ਗੁਹਾਰ ਲਗਾ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਮੀਂਹ ਕਾਰਨ ਬਚਾਅ ਕਾਰਜ 'ਚ ਰੁਕਾਵਟ ਆ ਰਹੀ ਹੈ। ਹੁਨਥਰ 'ਚ ਨੈਸ਼ਨਲ ਹਾਈਵੇ-6 'ਤੇ ਜ਼ਮੀਨ ਖਿਸਕਣ ਕਾਰਨ ਆਈਜ਼ੌਲ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟ ਗਿਆ ਹੈ। ਮੀਂਹ ਕਾਰਨ ਸੂਬੇ ਦੇ ਕਈ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਸੂਬਾ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਖਾਣਾਂ 'ਚ ਕੰਮ ਚੱਲ ਰਿਹਾ ਸੀ। ਇਸ ਕਾਰਨ ਲੋਕਾਂ ਵਿੱਚ ਵੀ ਰੋਸ ਹੈ ਅਤੇ ਉਹ ਪੁਲੀਸ ਤੋਂ ਖਦਾਨ ਮਾਲਕ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।