
ਸਿਹਤ ਮੰਤਰੀ ਨੇ ਦਿੱਤੇ ਨਿਰਦੇਸ਼
ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਵਿਚ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੇਸ਼ ਦੀ ਸਿਹਤ ਸੁਧਾਰਨ ਤੋਂ ਪਹਿਲਾਂ ਅਪਣੇ ਮੰਤਰਾਲੇ ਦੇ ਅਫ਼ਸਰਾਂ ਦੀ ਸਿਹਤ ਸੁਧਾਰਨ ਦੀ ਜ਼ਿੰਮੇਵਾਰੀ ਉਠਾ ਲਈ ਹੈ। ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮੰਤਰਾਲੇ ਦੀ ਬੈਠਕ ਵਿਚ ਹੁਣ ਚਾਙ ਨਾਲ ਬਿਸਕੁੱਟ ਨਹੀਂ ਵੰਡੇ ਜਾਣਗੇ। ਟੇਬਲ 'ਤੇ ਹੁਣ ਬਿਸਕੁੱਟ ਦੀ ਜਗ੍ਹਾ ਅਖਰੋਟ ਅਤੇ ਭੁੰਨੇ ਹੋਏ ਛੋਲਿਆਂ ਦੀਆਂ ਪਲੇਟਾਂ ਸਜਾਈਆਂ ਜਾਣਗੀਆਂ।
ਕੇਂਦਰੀ ਸਿਹਤ ਮੰਤਰੀ ਅਤੇ ਪਰਵਾਰ ਕਲਿਆਣ ਮੰਤਰੀ ਦੇ ਨਿਰਦੇਸ਼ 'ਤੇ ਭਾਰਤ ਸਰਕਾਰ ਦੇ ਡਿਪਟੀ ਸੈਕਰੈਟਰੀ ਨੇ ਇਕ ਸਰਕੁਲਰ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਿਹਤ ਮੰਤਰੀ ਚਾਹੁੰਦੇ ਹਨ ਕਿ ਵਿਭਾਗ ਬੈਠਕਾਂ ਵਿਚ ਬਿਸਕੁੱਟ ਦੀ ਬਜਾਏ ਸਿਰਫ ਸਿਹਤਮੰਦ ਸਨੈਕਸ ਹੀ ਰੱਖੇ ਜਾਣ। ਦਸ ਦਈਏ ਕਿ ਇਸ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਡਿਵੀਜ਼ਨ ਵੱਲੋਂ ਇਕ ਹੋਰ ਆਦੇਸ਼ ਜਾਰੀ ਕੀਤਾ ਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਬੈਠਕ ਵਿਚ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ ਨਾ ਰੱਖੀਆਂ ਜਾਣ। ਨਾਲ ਹੀ ਮੰਤਰਾਲੇ ਵਿਚ ਪਲਾਸਟਿਕ ਦੇ ਫਾਇਲ ਕਵਰ ਇਸਤੇਮਾਲ ਕੀਤੇ ਜਾਣ 'ਤੇ ਵੀ ਪਾਬੰਦੀ ਲਗਾਈ ਗਈ ਹੈ।