
ਕਾਲਸਕਰ ਦਾ ਕਹਿਣਾ ਹੈ ਕਿ ਦਾਭੋਲਕਰ ‘ਤੇ ਗੋਲੀ ਚਲਾਉਣ ਵਾਲੇ ਦੋ ਲੋਕਾਂ ਵਿਚ ਇਕ ਉਹ ਖ਼ੁਦ ਸੀ।
ਨਵੀਂ ਦਿੱਲੀ: ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵਕ ਗੌਰੀ ਲੰਕੇਸ਼ ਦੀ ਹੱਤਿਆ ਦੇ ਮਾਮਲੇ ਵਿਚ ਪਿਛਲੇ ਸਾਲ ਅਕਤੂਬਰ ‘ਚ ਗ੍ਰਿਫ਼ਤਾਰ ਕੀਤੇ ਗਏ ਸ਼ਰਦ ਕਾਲਸਕਰ ਨੇ ਤਰਕਵਾਦੀ ਨਰਿੰਦਰ ਦਾਭੋਲਕਰ ਅਤੇ ਗੋਵਿੰਦ ਪਾਨਸਰੇ ਦੀਆਂ ਹੱਤਿਆਵਾਂ ਵਿਚ ਵੀ ਸ਼ਾਮਲ ਹੋਣ ਦੀ ਗੱਲ ਸਵੀਕਾਰ ਕੀਤੀ ਹੈ। ਕਾਲਸਕਰ ਦਾ ਕਹਿਣਾ ਹੈ ਕਿ ਦਾਭੋਲਕਰ ‘ਤੇ ਗੋਲੀ ਚਲਾਉਣ ਵਾਲੇ ਦੋ ਲੋਕਾਂ ਵਿਚ ਇਕ ਉਹ ਖ਼ੁਦ ਸੀ। ਇਕ ਖ਼ਬਰ ਮੁਤਾਬਕ ਕਾਲਸਕਰ ਨੇ 14 ਪੰਨਿਆਂ ਦੇ ਕਬੂਲਨਾਮੇ ਵਿਚ ਇਹਨਾਂ ਹੱਤਿਆਵਾਂ ਵਿਚ ਸ਼ਾਮਲ ਹੋਣ ਦਾ ਬਿਓਰਾ ਦਿੱਤਾ ਹੈ।
Gauri Lankesh
ਦਾਭੋਲਕਰ ਦੀ ਅਗਸਤ 2013 ਵਿਚ ਪੁਣੇ ਵਿਚ ਹੱਤਿਆ ਕਰ ਦਿੱਤੀ ਗਈ ਸੀ। ਕਾਲਸਕਰ ਦਾ ਕਹਿਣਾ ਹੈ ਕਿ ਉਸ ਨੇ ਦਾਭੋਲਕਰ ‘ਤੇ ਦੋ ਵਾਰ ਗੋਲੀਆਂ ਚਲਾਈਆਂ, ਜਿਸ ਵਿਚੋਂ ਇਕ ਗੋਲੀ ਉਹਨਾਂ ਦੇ ਸਿਰ ਵਿਚ ਲੱਗੀ ਜਦਕਿ ਦੂਜੀ ਅੱਖ ਵਿਚ ਲੱਗੀ। ਉਸ ਨੇ ਇਹ ਵੀ ਕਿਹਾ ਕਿ ਹੱਤਿਆ ਤੋਂ ਕਈ ਮਹੀਨੇ ਪਹਿਲਾਂ ਦੱਖਣਪੰਥੀ ਸਮੂਹ ਦੇ ਮੈਂਬਰਾਂ ਨੇ ਉਸ ਨਾਲ ਸੰਪਰਕ ਕੀਤਾ ਸੀ ਅਤੇ ਬੰਦੂਕਾਂ ਦੀ ਵਰਤੋਂ ਕਰਨ ਅਤੇ ਬੰਬ ਬਣਾਉਣ ਦੀ ਟਰੇਨਿੰਗ ਦਿੱਤੀ ਸੀ। ਕਾਲਸਕਰ ਮੁਤਾਬਕ ਇਸ ਹੱਤਿਆ ਦੇ ਮੁੱਖ ਮੁਲਜ਼ਮ ਵਿਰੇਂਦਰ ਸਿੰਘ ਤਾਵੜੇ ਨੇ ਕਿਹਾ ਕਿ ਅਸੀਂ ਕੁਝ ਬੁਰੇ ਲੋਕਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ।
Sharad Kalaskar
ਕਾਲਸਕਰ ਦੇ ਕਬੂਲਨਾਮੇ ਮੁਤਾਬਕ ਦਾਭੋਲਕਰ ਦੇ ਕਾਤਲਾਂ ਨੇ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਲਈ ਸਤੰਬਰ 2017 ਵਿਚ ਯੋਜਨਾ ਬਣਾਉਣ ਵਿਚ ਵੀ ਭੂਮਿਕਾ ਨਿਭਾਈ ਸੀ ਅਤੇ ਇਸ ਲਈ ਕਈ ਵਾਰ ਮੀਟਿੰਗ ਕਰ ਕੇ ਰਣਨੀਤੀ ਤਿਆਰ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਅਗਸਤ 2016 ਵਿਚ ਬੇਲਗਾਮ ਵਿਚ ਇਕ ਬੈਠਕ ਹੋਈ ਸੀ, ਜਿੱਥੇ ਹਿੰਦੂਵਾਦ ਵਿਰੁੱਧ ਕੰਮ ਕਰ ਰਹੇ ਲੋਕਾਂ ਦੇ ਨਾਂਅ ਪੇਸ਼ ਕੀਤੇ ਗਏ ਸਨ।
Murder Case
ਉਸੇ ਬੈਠਕ ਵਿਚ ਗੌਰੀ ਲੰਕੇਸ਼ ਦਾ ਨਾਂਅ ਵੀ ਸਾਹਮਣੇ ਆਇਆ ਅਤੇ ਉਹਨਾਂ ਨੇ ਗੌਰੀ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਦੀ ਇਕ ਹੋਰ ਬੈਠਕ ਅਗਸਤ 2017 ਵਿਚ ਹੋਈ ਸੀ, ਜਿਸ ਵਿਚ ਹੱਤਿਆ ਦੀ ਆਖਰੀ ਯੋਜਨਾ ਦਾ ਫੈਸਲਾ ਕੀਤਾ ਗਿਆ। ਫਾਲਸਕਰ ਅਤੇ ਹੋਰ ਮੁਲਜ਼ਮਾਂ ਨੇ ਪੂਰਾ ਇਕ ਦਿਨ ਸ਼ੂਟਿੰਗ ਦੀ ਪ੍ਰੈਕਟਿਸ ਕੀਤੀ ਸੀ। ਦਾਭੋਲਕਰ ਦੀ ਹੱਤਿਆ ਵਿਚ ਹੁਣ ਤੱਕ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ।