
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਖ਼ਾਲਿਸਤਾਨੀ ਲਿਬਰੇਸ਼ਨ ਫ਼ਰੰਟ ਦੇ ਮਾਡਿਊਨ ਦਾ ਪਰਦਾਫਾਸ਼ ਕਰ ਕੇ ਇਸ ਦੇ ਤਿੰਨ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਵੀਂ ਦਿੱਲੀ, 27 ਜੂਨ : ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਖ਼ਾਲਿਸਤਾਨੀ ਲਿਬਰੇਸ਼ਨ ਫ਼ਰੰਟ ਦੇ ਮਾਡਿਊਨ ਦਾ ਪਰਦਾਫਾਸ਼ ਕਰ ਕੇ ਇਸ ਦੇ ਤਿੰਨ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਦੇ ਇਕ ਅਧਿਕਾਰੀ ਨੇ ਸਨਿਚਰਵਾਰ ਨੂੰ ਦਸਿਆ ਕਿ ਪੁਲਿਸ ਨੇ ਖ਼ਾਲਿਸਤਾਨ ਅੰਦੋਲਨ ਨੂੰ ਸਮਰਥਨ ਕਰਨ ਵਾਲੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਅਪਣੇ ਮਾਲਕਾਂ ਦੇ ਇਸ਼ਾਰੇ 'ਤੇ ਉੱਤਰ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਕਤਲ ਵਰਗੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।
ਇਨ੍ਹਾਂ ਦੀ ਪਛਾਣ ਦਿੱਲੀ ਦੇ ਮੋਹਿੰਦਰ ਪਾਲ ਸਿੰਘ (29), ਪੰਜਾਬ ਦੇ ਗੁਰਤੇਜ ਸਿੰਘ (41) ਅਤੇ ਹਰਿਆਣਾ ਦੇ ਲਵਪ੍ਰੀਤ (21) ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਕੋਲੋਂ ਤਿੰਨ ਪਿਸਤੌਲਾਂ ਅਤੇ 7 ਕਾਰਤੂਸ ਜ਼ਬਤ ਕੀਤੇ ਗਏ ਹਨ। ਅਧਿਕਾਰੀ ਨੇ ਦਸਿਆ ਕਿ ਪੁਲਿਸ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ, ਜਿਸ 'ਚ ਕਿਹਾ ਗਿਆ ਕਿ ਖ਼ਾਲਿਸਤਾਨੀ ਸਮਰਥਕ ਮੋਹਿੰਦਰ ਪਾਲ ਕਿਸੇ ਅਤਿਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ 'ਚ ਹੈ। ਪੁਲਿਸ ਨੇ ਜਾਲ ਵਿਛਾ ਕੇ 15 ਜੂਨ ਦੀ ਰਾਤ ਨੂੰ ਗੰਦਾ ਨਾਲਾ ਨੇੜੇ ਹਸਤਸਾਲ ਤੋਂ ਮੋਹਿੰਦਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ
ਇਕ ਪਿਸਤੌਲ ਅਤੇ 2 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਮੋਹਿੰਦਰ ਤੋਂ ਪੁੱਛ-ਗਿੱਛ ਤੋਂ ਬਾਅਦ ਪੁਲਿਸ ਉਸ ਨੂੰ ਲੈ ਕੇ ਪੰਜਾਬ ਦੇ ਸਮਾਨਾ ਗਈ, ਜਿਥੋਂ ਲਵਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ ਇਕ ਪਿਸਤੌਲ ਅਤੇ 5 ਕਾਰਤੂਸ ਮਿਲੇ। ਉਸ ਤੋਂ ਬਾਅਦ ਪੰਜਾਬ ਦੇ ਗੁਰੂ ਤੇਗ ਬਹਾਦਰ ਨਗਰ ਤੋਂ ਗੁਰਤੇਜ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਪੁੱਛ-ਗਿੱਛ 'ਚ ਇਨ੍ਹਾਂ ਲੋਕਾਂ ਨੇ ਖ਼ਾਲਿਸਤਾਨੀ ਸੰਗਠਨ ਨਾਲ ਸਬੰਧ ਹੋਣਾ ਸਵੀਕਾਰ ਕੀਤਾ ਅਤੇ ਕਿਹਾ ਕਿ ਦੇਸ਼ ਦੇ ਬਾਹਰ ਬੈਠੇ ਅਪਣੇ ਮਾਲਕਾਂ ਦੇ ਇਸ਼ਾਰੇ 'ਤੇ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਸੀ। (ਪੀਟੀਆਈ)