
ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਰਿਕਾਰਡ 47,704 ਕੋਰੋਨਾ ਮਰੀਜ਼ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਕੁੱਲ ਮਰੀਜ਼ਾਂ ਦੀ ਗਿਣਤੀ 14,83,157 ਹੋ ਗਈ ਹੈ।
ਨਵੀਂ ਦਿੱਲੀ: ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਰਿਕਾਰਡ 47,704 ਕੋਰੋਨਾ ਮਰੀਜ਼ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਕੁੱਲ ਮਰੀਜ਼ਾਂ ਦੀ ਗਿਣਤੀ 14,83,157 ਹੋ ਗਈ ਹੈ। ਇਹਨਾਂ ਵਿਚੋਂ 4,96,988 ਮਾਮਲੇ ਐਕਟਿਵ ਹਨ। ਇਸ ਦੌਰਾਨ 654 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਕੇ 33,425 ਹੋ ਗਈ ਹੈ। ਹੁਣ ਤੱਕ 9,52,744 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।
Corona Virus
ਜੇਕਰ ਟੈਸਟਿੰਗ ਦੀ ਗੱਲ ਕਰੀਏ ਤਾਂ 26 ਜੁਲਾਈ ਨੂੰ ਕੁੱਲ 5,15,000 ਸੈਂਪਲਾਂ ਦੀ ਟੈਸਟਿੰਗ ਕੀਤੀ ਗਈ ਅਤੇ 27 ਜੁਲਾਈ ਨੂੰ 5,28,000 ਦੀ ਟੈਸਟਿੰਗ ਕੀਤੀ ਗਈ। ਦੂਜੇ ਪਾਸੇ ਮਿਸ਼ਨ ਵੰਦੇ ਭਾਰਤ ਤਹਿਤ ਖਾੜੀ ਦੇਸ਼ਾਂ ਤੋਂ ਭਾਰਤ ਲਿਆਂਦੇ ਜਾ ਰਹੇ ਲੋਕਾਂ ਵਿਚੋਂ ਵੀ ਕੁਝ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਨਾਲ ਯਾਤਰਾ ਦੌਰਾਨ ਸਾਵਧਾਨੀ ਅਤੇ ਜਾਂਚ ਦੇ ਇੰਤਜ਼ਾਮਾਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।
Corona virus
ਰਿਯਾਦ ਤੋਂ 14 ਤਰੀਕ ਨੂੰ ਦੇਸ਼ ਪਰਤੇ ਇਕ ਵਿਅਕਤੀ ਨੇ ਇੱਥੇ ਆਉਂਦੇ ਹੀ ਖੁਦ ਟੈਸਟ ਕਰਵਾਇਆ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਸਬੰਧਤ ਵਿਅਕਤੀ ਮੋਨੂ ਕੁਮਾਰ ਸਾਊਦੀ ਅਰਬ ਦੇ ਅਲ ਕਾਸਿਮ ਪ੍ਰਾਂਤ ਵਿਚ ਰਹਿ ਰਿਹਾ ਸੀ। ਉਹ 14 ਤਰੀਕ ਨੂੰ ਰਿਯਾਦ ਦੀ ਫਲਾਈਟ ਤੋਂ ਲਖਨਊ ਪਹੁੰਚਿਆ ਸੀ।
Corona Virus
ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ ਵਿਚ ਬੰਗਲੁਰੂ ਅਤੇ ਪੁਣੇ ਸਮੇਤ ਕਈ ਸ਼ਹਿਰਾਂ ਦੇ ਅਧਿਕਾਰੀ ਵੱਖ-ਵੱਖ ਸਮਿਆਂ ਲਈ ਲੌਕਡਾਊਨ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਨ। ਰਾਜਧਾਨੀ ਦਿੱਲੀ ਵਿਚ ਵੀ ਹਾਲਾਤ ਠੀਕ ਹੁੰਦੇ ਦਿਖਾਈ ਦੇ ਰਹੇ ਹਨ। ਪੰਜਾਬ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਵੀਕਐਂਡ ਲੌਕਡਾਊਨ ਲਾਗੂ ਕੀਤਾ ਹੈ, ਇਸ ਦੌਰਾਨ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਲਗਾਇਆ ਜਾ ਰਿਹਾ ਹੈ।