
ਰਾਜਪਾਲ ਹਵਾਈ ਅੱਡੇ ਦੇ ਲਾਉਂਜ 'ਤੇ ਉਡੀਕ ਕਰ ਰਹੇ ਸਨ
ਬੈਂਗਲੁਰੂ - ਪ੍ਰੋਟੋਕਾਲ ਦੀ ਉਲੰਘਣਾ ਕਰਦਿਆਂ ਏਅਰ ਏਸ਼ੀਆ ਦੀ ਇਕ ਉਡਾਣ ਨੇ ਵੀਰਵਾਰ ਨੂੰ ਇੱਥੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (ਕੇ.ਆਈ.ਏ.) ਤੋਂ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਲਏ ਬਿਨ੍ਹਾਂ ਹੀ ਉਡਾਣ ਭਰ ਲਈ, ਜਦੋਂ ਰਾਜਪਾਲ ਹਵਾਈ ਅੱਡੇ ਦੇ ਲਾਉਂਜ 'ਤੇ ਉਡੀਕ ਕਰ ਰਹੇ ਸਨ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇੱਕ ਪੁਲਿਸ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਬੇਨਤੀ 'ਤੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਰਾਜਪਾਲ ਦੇ ਪ੍ਰੋਟੋਕਾਲ ਅਧਿਕਾਰੀਆਂ ਨੇ ਏਅਰਪੋਰਟ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਸੂਤਰਾਂ ਮੁਤਾਬਕ ਗਹਿਲੋਤ ਨੇ ਵੀਰਵਾਰ ਦੁਪਹਿਰ ਟਰਮੀਨਲ-2 ਤੋਂ ਹੈਦਰਾਬਾਦ ਲਈ ਫਲਾਈਟ 'ਚ ਸਵਾਰ ਹੋਣਾ ਸੀ, ਜਿੱਥੋਂ ਉਹ ਇਕ ਕਾਨਫ਼ਰੰਸ 'ਚ ਸ਼ਾਮਲ ਹੋਣ ਲਈ ਸੜਕ ਰਾਹੀਂ ਰਾਏਚੁਰ ਜਾਣ ਵਾਲੇ ਸੀ।
ਸੂਤਰਾਂ ਨੇ ਦੱਸਿਆ ਕਿ ਜਿਵੇਂ ਹੀ ਏਅਰਏਸ਼ੀਆ ਦੀ ਫਲਾਈਟ ਉੱਥੇ ਪਹੁੰਚੀ ਤਾਂ ਉਨ੍ਹਾਂ ਦਾ ਸਾਮਾਨ ਜਹਾਜ਼ 'ਚ ਰੱਖਿਆ ਗਿਆ ਪਰ ਦੱਸਿਆ ਗਿਆ ਕਿ ਗਹਿਲੋਤ ਨੂੰ ਟਰਮੀਨਲ 'ਤੇ ਪਹੁੰਚਣ 'ਚ ਦੇਰ ਹੋ ਗਈ। ਸੂਤਰਾਂ ਨੇ ਦੱਸਿਆ ਕਿ ਜਦੋਂ ਤੱਕ ਰਾਜਪਾਲ ਜਹਾਜ਼ 'ਚ ਸਵਾਰ ਹੋਣ ਲਈ ਵੀਆਈਪੀ ਲਾਉਂਜ ਪਹੁੰਚੇ, ਉਦੋਂ ਤੱਕ ਜਹਾਜ਼ ਹੈਦਰਾਬਾਦ ਲਈ ਰਵਾਨਾ ਹੋ ਚੁੱਕਾ ਸੀ।
ਸੂਤਰਾਂ ਨੇ ਦੱਸਿਆ ਕਿ ਰਾਜਪਾਲ ਨੂੰ ਹੈਦਰਾਬਾਦ ਪਹੁੰਚਣ ਲਈ 90 ਮਿੰਟ ਬਾਅਦ ਇੱਕ ਹੋਰ ਫਲਾਈਟ ਲੈਣੀ ਪਈ। ਗਵਰਨਰ ਹਾਊਸ ਦੇ ਅਧਿਕਾਰੀਆਂ ਨੇ ਇਸ ਮੁੱਦੇ 'ਤੇ ਚੁੱਪ ਧਾਰੀ ਹੋਈ ਹੈ। ਏਅਰਏਸ਼ੀਆ ਦੇ ਅਧਿਕਾਰੀ ਟਿੱਪਣੀ ਲਈ ਉਪਲਬਧ ਨਹੀਂ ਸਨ। ਬੈਂਗਲੁਰੂ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ, ਜੋ ਕੇਆਈਏ ਦਾ ਸੰਚਾਲਨ ਕਰਦੀ ਹੈ, ਦੇ ਇੱਕ ਅਧਿਕਾਰੀ ਨੇ ਕਿਹਾ, "ਅਸੀਂ ਆਮ ਤੌਰ 'ਤੇ ਹਵਾਈ ਅੱਡੇ ਨਾਲ ਸਬੰਧਤ ਮਾਮਲਿਆਂ 'ਤੇ ਟਿੱਪਣੀ ਨਹੀਂ ਕਰਦੇ ਹਾਂ। ਕਿਰਪਾ ਕਰਕੇ AirAsia ਨਾਲ ਸੰਪਰਕ ਕਰੋ।"