ਥੋੜ੍ਹੇ ਸਮੇਂ ਵਿਚ ਹੀ ਪੁਲਿਸ ਨੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਦਿਨ ਦਿਹਾੜੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਸ਼ੁਕਰਵਾਰ ਦੁਪਹਿਰ ਕਰੀਬ 12.08 ਵਜੇ ਅਰਬਿੰਦੋ ਕਾਲਜ ਨੇੜੇ ਪਾਰਕ 'ਚ ਇਕ ਲੜਕੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਪਤਾ ਲੱਗਾ ਕਿ ਉਸ 'ਤੇ ਕਿਸੇ ਲੜਕੇ ਨੇ ਡੰਡੇ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਥੋੜ੍ਹੇ ਸਮੇਂ ਵਿਚ ਹੀ ਪੁਲਿਸ ਨੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤਕ ਦੀ ਜਾਣਕਾਰੀ ਅਨੁਸਾਰ ਲੜਕੇ ਨੇ ਲੜਕੀ ਨੂੰ ਵਿਆਹ ਦਾ ਪ੍ਰਸਤਾਵ ਰੱਖਿਆ ਸੀ। ਜਦੋਂ ਲੜਕੀ ਨੇ ਇਨਕਾਰ ਕੀਤਾ ਤਾਂ ਉਸ ਦਾ ਕਤਲ ਕਰ ਦਿਤਾ ਗਿਆ।
ਲੜਕੀ ਦੀ ਉਮਰ ਕਰੀਬ 25 ਸਾਲ ਹੈ। ਉਹ ਇੱਕ ਲੜਕੇ ਦੇ ਨਾਲ ਪਾਰਕ ਵਿਚ ਆਈ ਸੀ ਜਿਸ ਨੂੰ ਉਹ ਜਾਣਦੀ ਸੀ। ਲੜਕੀ ਦੇ ਪ੍ਰਵਾਰ ਵਾਲਿਆਂ ਨੂੰ ਸੂਚਨਾ ਦੇ ਦਿਤੀ ਗਈ ਹੈ। ਘਟਨਾ ਅਰਬਿੰਦੋ ਕਾਲਜ ਨੇੜੇ ਵਿਜੇ ਮੰਡਲ ਪਾਰਕ ਸ਼ਿਵਾਲਿਕ ਏ ਬਲਾਕ ਦੀ ਹੈ।
ਡੀਸੀਪੀ ਸਾਊਥ ਚੰਦਨ ਚੌਧਰੀ ਨੇ ਦਸਿਆ, "ਘਟਨਾ ਪਾਰਕ ਦੇ ਅੰਦਰ ਵਾਪਰੀ। ਮ੍ਰਿਤਕ ਲੜਕੀ ਕਾਲਜ ਦੀ ਵਿਦਿਆਰਥਣ ਹੈ। ਇਸ ਪਾਰਕ ਵਿਚ ਅਕਸਰ ਕਾਲਜ ਦੇ ਲੜਕੇ-ਲੜਕੀਆਂ ਆਉਂਦੇ-ਜਾਂਦੇ ਰਹਿੰਦੇ ਹਨ। ਉਹ ਅਪਣੇ ਇੱਕ ਦੋਸਤ ਨਾਲ ਪਾਰਕ ਵਿਚ ਆਈ ਸੀ। ਲੜਕੀ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਸਨ। ਉਸ ਦੀ ਦੇਹ ਕੋਲ ਇੱਕ ਰਾਡ ਵੀ ਮਿਲਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।"