
ਸੰਵਿਧਾਨਕ ਅਹੁਦੇ ਉਤੇ ਬੈਠੇ ਕਿਸੇ ਵਿਅਕਤੀ ਨੂੰ ਅਜਿਹੇ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਵਲੋਂ ਸੂਬੇ ’ਚ ਨਸ਼ਿਆਂ ਦੀ ਸਮੱਸਿਆ ਉਤੇ ਕੀਤੀ ਗਈ ਟਿਪਣੀ ਉਤੇ ਸਖ਼ਤ ਇਤਰਾਜ਼ ਜਤਾਇਆ ਹੈ ਅਤੇ ਕਿਹਾ ਹੈ ਕਿ ਸੰਵਿਧਾਨਕ ਅਹੁਦੇ ਉਤੇ ਬੈਠੇ ਕਿਸੇ ਵਿਅਕਤੀ ਨੂੰ ਅਜਿਹੇ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ।
ਰਾਜਪਾਲ ਨੇ ਵੀਰਵਾਰ ਨੂੰ ਸੂਬੇ ’ਚ ਸਰਕਾਰੀ ਮੁੜ ਵਸੇਬਾ ਕੇਂਦਰਾਂ ਦੀ ਘਾਟ ਉਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਚਿਤਾਵਨੀ ਦਿਤੀ ਸੀ ਕਿ ਜੇਕਰ ਨਸ਼ਿਆਂ ਦੇ ਖਾਤਮੇ ਲਈ ਤੁਰਤ ਕਾਰਵਾਈ ਨਾ ਕੀਤੀ ਗਈ ਤਾਂ ਹਿਮਾਚਲ ਪ੍ਰਦੇਸ਼ ਅਗਲੇ ਪੰਜ ਸਾਲਾਂ ’ਚ ‘ਉੜਤਾ ਪੰਜਾਬ’ ਬਣ ਜਾਵੇਗਾ।
ਰਾਜਪਾਲ ਨੇ ਕਿਹਾ ਸੀ, ‘‘ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਮਾਮਲੇ 2012 ’ਚ 500 ਤੋਂ ਵਧ ਕੇ 2023 ’ਚ 2,200 ਹੋ ਗਏ ਹਨ। ਅਸੀਂ ਸੁਣ ਰਹੇ ਹਾਂ ਕਿ ਸਿਰਮੌਰ ਜ਼ਿਲ੍ਹੇ ਵਿਚ ਮੁੜ ਵਸੇਬਾ ਕੇਂਦਰ ਸਥਾਪਤ ਕਰਨ ਲਈ ਜ਼ਮੀਨ ਦੀ ਪਛਾਣ ਕੀਤੀ ਜਾ ਰਹੀ ਹੈ, ਪਰ ਜ਼ਮੀਨੀ ਪੱਧਰ ਉਤੇ ਕੁੱਝ ਵੀ ਨਹੀਂ ਚੱਲ ਰਿਹਾ ਹੈ।’’
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਖੂ ਨੇ ਕਿਹਾ, ‘‘ਰਾਜਪਾਲ ਸੰਵਿਧਾਨਕ ਅਤੇ ਸਨਮਾਨਜਨਕ ਅਹੁਦਾ ਸੰਭਾਲ ਰਹੇ ਹਨ ਅਤੇ ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ। ਪਰ ਅਜਿਹੇ ਬਿਆਨ ਦੇਣਾ ਉਸ ਨੂੰ ਸ਼ੋਭਾ ਨਹੀਂ ਦਿੰਦਾ। ਸਾਨੂੰ ਸਾਰਿਆਂ ਨੂੰ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।’’
ਸੂਬੇ ਵਿਚ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਅਪਣੀ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਵੇਰਵਾ ਦਿੰਦਿਆਂ ਸੁੱਖੂ ਨੇ ਕਿਹਾ, ‘‘ਪਿਛਲੀਆਂ ਕਿਸੇ ਵੀ ਸਰਕਾਰ ਨੇ ਉਹ ਨਹੀਂ ਕੀਤਾ ਜੋ ਅਸੀਂ ਨਸ਼ਿਆਂ ਵਿਰੁਧ ਕੀਤਾ ਹੈ। ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਪਹਿਲੀ ਵਾਰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਪੀ.ਆਈ.ਟੀ.-ਐਨ.ਡੀ.ਪੀ.ਐਸ.) ਐਕਟ ਲਾਗੂ ਕੀਤਾ ਗਿਆ ਹੈ।’’
ਉਨ੍ਹਾਂ ਕਿਹਾ, ‘‘ਮੈਂ ਰਾਜਪਾਲ ਨੂੰ ਨਸ਼ਿਆਂ ਵਿਰੁਧ ਚੁਕੇ ਗਏ ਕਦਮਾਂ ਤੋਂ ਜਾਣੂ ਕਰਾਵਾਂਗਾ ਅਤੇ ਉਨ੍ਹਾਂ ਨੂੰ ਸੂਚਿਤ ਕਰਾਂਗਾ ਕਿ ਕਈ ਗੈਰ-ਸਰਕਾਰੀ ਸੰਗਠਨ ਇਸ ਦਿਸ਼ਾ ਵਿਚ ਕੰਮ ਕਰ ਰਹੇ ਹਨ।