
ਪੁਲਿਸ ਨੇ ਮੁਢਲੀ ਕਾਰਵਾਈ ਕਰਦਿਆਂ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ
ਵੈਸ਼ਾਲੀ : ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ 'ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪਿੰਡ ਦਾਊਦਪੁਰ ਵਿਚ ਛੇੜਛਾੜ ਦਾ ਵਿਰੋਧ ਕਰਨ ਵਾਲੇ ਇਕ ਪਰਵਾਰ ਦੇ 16 ਜੀਆਂ ਉੱਪਰ ਤੇਜ਼ਾਬ ਸੁੱਟ ਦਿੱਤਾ ਗਿਆ। ਇਸ ਹਮਲੇ 'ਚ ਦੋ ਔਰਤਾਂ ਸਮੇਤ ਸਾਰੇ ਲੋਕ ਗੰਭੀਰ ਤੌਰ 'ਤੇ ਝੁਲਸ ਗਏ।
Acid thrown at 16 of Bihar family for trying to stop molestation
ਵੈਸ਼ਾਲੀ ਦੇ ਪੁਲਿਸ ਉਪ ਮੁਖੀ ਰਾਘਵ ਦਿਆਲ ਨੇ ਦੱਸਿਆ ਕਿ ਮੰਗਲਵਾਰ ਨੂੰ ਕਿਸੇ ਗੱਲ 'ਤੇ ਨੰਦ ਕਿਸ਼ੋਰ ਭਗਤ ਦੇ ਪਰਵਾਰ ਦੇ ਮੈਂਬਰਾਂ ਦਾ ਕੁਝ ਲੋਕਾਂ ਨਾਲ ਵਿਵਾਦ ਹੋ ਗਿਆ ਸੀ। ਮਾਮਲਾ ਇੰਨਾ ਭੱਖ ਗਿਆ ਕਿ ਬਹਿਸਬਾਜ਼ੀ ਮਾਰਕੁੱਟ 'ਚ ਬਦਲ ਗਈ। ਹਾਲਾਂਕਿ ਉਦੋਂ ਆਸਪਾਸ ਮੌਜੂਦ ਲੋਕਾਂ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਅਗਲੇ ਦਿਨ ਬੁਧਵਾਰ ਨੂੰ ਦੂਜੀ ਧਿਰ ਦੇ ਲੋਕਾਂ ਨੇ ਨੰਦ ਕਿਸ਼ੋਰ ਦੇ ਘਰ 'ਚ ਜ਼ਬਰੀ ਦਾਖ਼ਲ ਹੋ ਕੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਰਵਾਰ ਉੱਪਰ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ 'ਚ ਦੋ ਔਰਤਾਂ ਸਮੇਤ ਉਨ੍ਹਾਂ ਦੇ ਪਰਵਾਰ ਦੇ 16 ਲੋਕ ਝੁਲਸ ਗਏ। ਜ਼ਖ਼ਮੀਆਂ 'ਚ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Acid Attack
ਪੀੜਤਾਂ ਦਾ ਦੋਸ਼ ਹੈ ਕਿ ਛੇੜਛਾੜ ਦਾ ਵਿਰੋਧ ਕਰਨ 'ਤੇ ਉਨ੍ਹਾਂ ਦੇ ਘਰ ਦੇ ਜੀਆਂ ਉੱਪਰ ਤੇਜ਼ਾਬ ਸੁੱਟਿਆ ਗਿਆ ਹੈ। ਸ਼ਿਕਾਇਤ ਮੁਤਾਬਕ ਮੁੱਖ ਮੁਲਜ਼ਮਾਂ 'ਚ ਬਾਲੇਸ਼ਵਰ ਸ਼ਰਮਾ ਦੇ ਪਰਵਾਰ ਦੇ ਦੋ ਮੈਂਬਰ ਸ਼ਾਮਲ ਹਨ। ਪੁਲਿਸ ਉਪ ਮੁਖੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਾਜੀਪੁਰ ਸਦਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
Acid Attack
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਮੁਢਲੀ ਕਾਰਵਾਈ ਕਰਦਿਆਂ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪਿੰਡ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।