
ਧਮਾਕੇ ਤੋਂ ਪਹਿਲਾਂ ਕਰੀਬ 7 ਹਜ਼ਾਰ ਲੋਕਾਂ ਨੂੰ ਵਿਸਫੋਟ ਜ਼ੋਨ ਤੋਂ ਹਟਾਇਆ ਗਿਆ ਸੀ।
ਨਵੀਂ ਦਿੱਲੀ - ਨੋਇਡਾ ਦੇ ਸੈਕਟਰ 93 'ਚ ਬਣੇ ਸੁਪਰਟੈਕ ਦੇ ਗੈਰ-ਕਾਨੂੰਨੀ ਟਵਿਨ ਟਾਵਰਾਂ ਨੂੰ ਦੁਪਹਿਰ 2.30 ਵਜੇ ਕੁੱਝ ਸਕਿੰਟਾਂ ਵਿਚ ਹੀ ਢਾਹ ਦਿੱਤਾ ਗਿਆ। 100 ਮੀਟਰ ਤੋਂ ਵੱਧ ਦੀ ਉਚਾਈ ਵਾਲੇ ਦੋਵੇਂ ਟਾਵਰਾਂ ਨੂੰ ਡਿੱਗਣ ਵਿਚ ਸਿਰਫ਼ 12 ਸਕਿੰਟ ਲੱਗੇ। ਧਮਾਕੇ ਤੋਂ ਪਹਿਲਾਂ ਕਰੀਬ 7 ਹਜ਼ਾਰ ਲੋਕਾਂ ਨੂੰ ਵਿਸਫੋਟ ਜ਼ੋਨ ਤੋਂ ਹਟਾਇਆ ਗਿਆ ਸੀ।
ਟਾਵਰ ਡਿੱਗਣ ਤੋਂ ਬਾਅਦ ਪ੍ਰਸ਼ਾਸਨ ਦੀ ਮਨਜ਼ੂਰੀ ਮਿਲਣ ਤੱਕ 5 ਰਸਤਿਆਂ 'ਤੇ ਆਵਾਜਾਈ ਬੰਦ ਰਹੇਗੀ। ਇੱਥੇ ਨੋਇਡਾ ਪੁਲਿਸ ਦੇ 560 ਤੋਂ ਵੱਧ ਜਵਾਨ ਤਾਇਨਾਤ ਹਨ। ਐਮਰਜੈਂਸੀ ਲਈ ਐਂਬੂਲੈਂਸ ਵੀ ਤਾਇਨਾਤ ਕੀਤੀ ਗਈ ਸੀ। ਧਮਾਕੇ ਤੋਂ ਬਾਅਦ ਇਲਾਕੇ 'ਚ ਪ੍ਰਦੂਸ਼ਣ ਦੇ ਪੱਧਰ 'ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਡਸਟ ਮਸ਼ੀਨਾਂ ਲਗਾਈਆਂ ਗਈਆਂ ਹਨ।
Twin Tower turned into debris
- ਟਵਿਨ ਟਾਵਰ ਨੇੜੇ ਦੋ ਸੁਸਾਇਟੀਆਂ ਵਿਚ ਧਮਾਕੇ ਤੋਂ ਪਹਿਲਾਂ ਐਲਪੀਜੀ ਅਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ।
- ਨੋਇਡਾ ਪੁਲਿਸ ਨੇ ਸਾਵਧਾਨੀ ਵਜੋਂ ਗ੍ਰੀਨ ਕੋਰੀਡੋਰ ਬਣਾਏ ਹੋਏ ਸਨ। ਮੌਕੇ 'ਤੇ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ।
- ਐਨਡੀਆਰਐਫ ਦੀ ਟੀਮ ਜਿਸ ਵਿੱਚ 560 ਪੁਲਿਸ ਕਰਮਚਾਰੀ, ਰਿਜ਼ਰਵ ਫੋਰਸ ਦੇ 100 ਲੋਕ ਅਤੇ 4 ਕਵਿੱਕ ਰਿਸਪਾਂਸ ਟੀਮਾਂ ਵੀ ਵਿਸਫੋਟ ਜ਼ੋਨ ਵਿਚ ਤਾਇਨਾਤ ਸਨ।
- ਐਕਸਪ੍ਰੈਸ ਵੇਅ ਨੂੰ ਦੁਪਹਿਰ 2.15 ਵਜੇ ਬੰਦ ਕਰ ਦਿੱਤਾ ਗਿਆ। ਅੱਧੇ ਘੰਟੇ ਬਾਅਦ ਪ੍ਰਸ਼ਾਸਨ ਦੀ ਸਲਾਹ 'ਤੇ ਹੀ ਇਸ ਨੂੰ ਖੋਲ੍ਹਿਆ ਜਾਵੇਗਾ।
- ਐਕਸਪ੍ਰੈੱਸ ਵੇਅ ਤੋਂ ਇਲਾਵਾ 5 ਹੋਰ ਰੂਟ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਨੂੰ ਆਲੇ-ਦੁਆਲੇ ਦੀਆਂ ਸੜਕਾਂ 'ਤੇ ਧੂੜ ਸਾਫ਼ ਹੋਣ ਤੋਂ ਬਾਅਦ ਹੀ ਖੋਲ੍ਹਿਆ ਜਾਵੇਗਾ।
- ਨੋਇਡਾ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਡਾਇਵਰਸ਼ਨ ਲਈ ਹੈਲਪਲਾਈਨ ਨੰਬਰ 99710 09001 ਜਾਰੀ ਕੀਤਾ ਹੈ।
ਇਹਨਾਂ ਟਾਵਰਾਂ ਨੂੰ ਢਾਹੁਣ ਲਈ ਕਰੀਬ 3700 ਕਿਲੋ ਦਾ ਵਿਸਫੋਟਕ ਪਦਾਰਥ ਵਰਤਿਆ ਗਿਆ ਹੈ ਅਤੇ ਕੁੱਲ 21 ਧਮਾਕਿਆਂ ਨਾਲ ਇਹ ਦੋ ਟਾਵਰ ਢਾਹੇ ਗਏ ਹਨ। ਇਸ ਦਾ ਮਲਬਾ ਕਰੀਬ 15 ਕਰੋੜ ਰੁਪਏ ਵਿਚ ਵਿਕੇਗਾ ਜੋ ਕਿ 80 ਹਜ਼ਾਰ ਟਨ ਮਲਬਾ ਹੈ।