
ਸਖ਼ਤ ਸੁਰਖਿਆ ਵਿਚਕਾਰ ਨਲਹੜ ਮੰਦਰ ’ਚ 15 ਸਾਧੂਆਂ, ਦਖਣ ਪੰਥੀ ਸਮੂਹ ਦੇ ਆਗੂਆਂ ਨੇ ਪ੍ਰਾਰਥਨਾ ਕੀਤੀ
ਨੂਹ ਜਾਣ ਤੋਂ ਰੋਕੇ ਜਾਣ ’ਤੇ ਭੁੱਖ ਹੜਤਾਲ ’ਤੇ ਬੈਠੇ ਪਰਮਹੰਸ ਆਚਾਰੀਆ
ਨੂਹ: ਹਰਿਆਣਾ ਪੁਲਿਸ ਦੇ ਇਕ ਸਬ-ਇੰਸਪੈਕਟਰ ਦੀ ਨੂਹ ’ਚ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਸਰਬ ਜਾਤ ਹਿੰਦੂ ਮਹਾਪੰਚਾਇਤ ਦੇ ‘ਸ਼ੋਭਾ ਯਾਤਰਾ’ ਦੇ ਸੱਦੇ ਦੇ ਮੱਦੇਨਜ਼ਰ ਨੂਹ ’ਚ ਭਾਰੀ ਸੁਰਖਿਆ ਪ੍ਰਬੰਧ ਕੀਤੇ ਗਏ ਹਨ।
ਪੁਲਿਸ ਮੁਤਾਬਕ, ਉਤਾਵਰ ਪਿੰਡ ਵਾਸੀ ਹਕਮੂਦੀਨ (47) ਬਡਕਲੀ ਚੌਕ ’ਤੇ ਤੈਨਾਤ ਸੀ। ਨਗੀਨਾ ਪੁਲਿਸ ਥਾਣੇ ਦੇ ਇੰਚਾਰਜ ਇੰਸਪੈਕਟਰ ਰਤਨ ਲਾਲ ਨੇ ਕਿਹਾ, ‘‘ਲਗਭਗ 12:30 ਵਜੇ ਸਬ-ਇੰਸਪੈਕਟਰ ਹਕਮੂਦੀਨ ਨੂੰ ਬੇਚੈਨੀ ਮਹਿਸੂਸ ਹੋਣ ਲੱਗੀ। ਉਸ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉਧਰ ਅੱਜ ‘ਸਰਬ ਜਾਤ ਹਿੰਦੂ ਮਹਾਪੰਚਾਇਤ’ ਦੇ ‘ਸ਼ੋਭਾ ਯਾਤਰਾ’ ਦੇ ਸੱਦੇ ਦੇ ਮੱਦੇਨਜ਼ਰ ਕਿਲ੍ਹੇ ’ਚ ਤਬਦੀਲ ਨੂਹ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ 15 ਸਾਧੂਆਂ ਅਤੇ ਦੱਖਣ ਪੰਥੀ ਸਮੂਹਾਂ ਦੇ ਆਗੂਆਂ ਨੂੰ ਸੋਮਵਾਰ ਨੂੰ ਹਰਿਆਣਾ ਦੇ ਇਸ ਜ਼ਿਲ੍ਹੇ ਦੇ ਨਲਹੜ ਇਲਾਕੇ ’ਚ ਸਥਲ਼ਤ ਸ਼ਿਵ ਮੰਦਰ ’ਚ ਪੂਜਾ ਕਰਨ ਦੀ ਇਜਾਜ਼ਤ ਦੇ ਦਿਤੀ।
ਅਧਿਕਾਰੀਆਂ ਨੇ 31 ਜੁਲਾਈ ਨੂੰ ਹੋਈ ਫ਼ਿਰਕੂ ਹਿੰਸਾ ਦੇ ਮੱਦੇਨਜ਼ਰ ਸੋਮਵਾਰ ਨੂੰ ਯਾਤਰਾ ਦੀ ਇਜਾਜ਼ਤ ਨਹੀਂ ਦਿਤੀ ਸੀ, ਪਰ ਸਥਾਨਕ ਲੋਕਾਂ ਨੂੰ ਸਾਉਣ ਮਹੀਨੇ ਦੇ ਆਖ਼ਰੀ ਸੋਮਵਾਰ ਨੂੰ ਅਪਣੇ ਨੇੜਲੇ ਮੰਦਰਾਂ ’ਚ ਪੂਜਾ ਕਰਨ ਦੀ ਇਜਾਜ਼ਤ ਦੇ ਦਿਤੀ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਯਾਤਰਾ ਦੇ ਸੱਦੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਨੂਹ ਆਉਣ ਵਾਲੇ ਕੁਝ ਸਾਧੂਆਂ ਨੂੰ ਗੁਰੂਗ੍ਰਾਮ ’ਚ ਰੋਕ ਦਿਤਾ ਗਿਆ। ਦਿੱਲੀ-ਗੁਰੂਗ੍ਰਾਮ ਸਰਹੱਦ ਤੋਂ ਨੂਹ ਤਕ ਪੰਜ ਵੱਡੀਆਂ ਚੌਕੀਆਂ ਬਣਾਈਆਂ ਗਈਆਂ ਹਨ ਅਤੇ ਮੀਡੀਆ ਦੀਆਂ ਗੱਡੀਆਂ ਨੂੰ ਤੀਜੀ ਚੌਕੀ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ।
ਅਧਿਕਾਰੀਆਂ ਮੁਤਾਬਕ ਅਯੁੱਧਿਆ ਦੇ ਹਿੰਦੂ ਸੰਤ ਜਗਦਗੁਰੂ ਪਰਮਹੰਸ ਆਚਾਰੀਆ ਦੀ ਗੱਡੀ ਨੂੰ ਸੋਹਨਾ ਨੇੜੇ ਗਮਰੋਜ ਟੋਲ ਪਲਾਜ਼ਾ ’ਤੇ ਰੋਕਿਆ ਗਿਆ। ਆਚਾਰੀਆ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਹ ਅਤੇ ਉਨ੍ਹਾਂ ਦੇ ਪੈਰੋਕਾਰ ਨਲਹਾਰ ਮੰਦਰ ’ਚ ਜਲਾਭਿਸ਼ੇਕ ਲਈ ਸਰਯੂ ਨਦੀ ਦਾ ਜਲ ਅਤੇ ਅਯੁੱਧਿਆ ਤੋਂ ਮਿੱਟੀ ਲੈ ਕੇ ਜਾ ਰਹੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿਤਾ। ਇਸ ਦੇ ਵਿਰੋਧ ’ਚ ਉਹ ਟੋਲ ਪਲਾਜ਼ਾ ਨੇੜੇ ਭੁੱਖ ਹੜਤਾਲ ’ਤੇ ਬੈਠ ਗਏ।
ਨੂਹ ਦੇ ਡਿਪਟੀ ਕਮਿਸ਼ਨਰ ਧੀਰੇਂਦਰ ਖੜਗਤਾ ਨੇ ਕਿਹਾ ਕਿ ਲਗਭਗ 15 ਸਾਧੂਆਂ ਅਤੇ ਕੁਝ ਹਿੰਦੂਵਾਦੀ ਜਥੇਬੰਦੀਆਂ ਦੇ ਆਗੂਆਂ ਨੂੰ ਨਲਹਾਰ ਸਥਿਤ ਸ਼ਿਵ ਮੰਦਰ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿਤੀ ਗਈ ਹੈ ਅਤੇ ਉਹ ਉੱਥੇ ‘ਜਲਾਭਿਸ਼ੇਕ’ ਕਰਨਗੇ। ਮਹਾਮੰਡਲੇਸ਼ਵਰ ਸਵਾਮੀ ਧਰਮ ਦੇਵਾ ਅਤੇ ਸਵਾਮੀ ਪਰਮਾਨੰਦ ਉਨ੍ਹਾਂ ਸਮੂਹ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਮੰਦਰ ’ਚ ਜਾਣ ਦੀ ਇਜਾਜ਼ਤ ਦਿਤੀ ਗਈ ਸੀ। ਨਲਹਾਰ ਮੰਦਿਰ ’ਚ ਪੂਜਾ ਕਰਨ ਤੋਂ ਬਾਅਦ ਸਮੂਹ ਸਥਾਨਕ ਲੋਕਾਂ ਨਾਲ ਫ਼ਿਰੋਜ਼ਪੁਰ ਝਿਰਕਾ ਸਥਿਤ ਝੀਰ ਮੰਦਿਰ ਲਈ ਰਵਾਨਾ ਹੋਇਆ |
ਬਜਰੰਗ ਦਲ ਦੇ ਗੁਰੂਗ੍ਰਾਮ ਜ਼ਿਲ੍ਹਾ ਕਨਵੀਨਰ ਪ੍ਰਵੀਨ ਹਿੰਦੁਸਤਾਨੀ ਨੇ ਦਸਿਆ ਕਿ ‘ਯਾਤਰਾ’ ’ਚ ਸੀਮਤ ਗਿਣਤੀ ’ਚ ਲੋਕਾਂ ਨੇ ਹਿੱਸਾ ਲਿਆ ਅਤੇ ਉਹ ਹੁਣ ਸਖ਼ਤ ਸੁਰੱਖਿਆ ਵਿਚਕਾਰ ਇਕ ਬੱਸ ’ਚ ਝੀਰ ਮੰਦਰ ਲਈ ਰਵਾਨਾ ਹੋਏ ਹਨ। ਇਸ ਦੌਰਾਨ ਹਿੰਦੂ ਨੇਤਾ ਕੁਲਭੂਸ਼ਣ ਭਾਰਦਵਾਜ ਨੇ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਨੇ ਹਿੰਦੂ ਨੇਤਾਵਾਂ ਨੂੰ ਨਜ਼ਰਬੰਦ ਕਰ ਦਿਤਾ ਹੈ। ਉਨ੍ਹਾਂ ਕਿਹਾ, ‘‘ਇਹ ਹਿੰਦੂਆਂ ਦੀ ਆਸਥਾ ’ਤੇ ਹਮਲਾ ਹੈ। ਹਿੰਦੂ ਨੇਤਾਵਾਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਕੇ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਮੁਗਲਾਂ ਦੇ ਰਾਜ ਦੀ ਯਾਦ ਦਿਵਾ ਦਿਤੀ ਹੈ।’’ ਭਾਰਦਵਾਜ ਦੀ ਰਿਹਾਇਸ਼ ਦੇ ਬਾਹਰ ਪੁਲੀਸ ਮੁਲਾਜ਼ਮ ਵੀ ਤਾਇਨਾਤ ਸਨ।
ਸੋਹਾਣਾ ਤੋਂ ਨੂਹ ਤਕ ਦਾ ਇਲਾਕਾ ਬਿਲਕੁਲ ਸੁਨਸਾਨ ਸੀ। ਇਸ ਪੂਰੇ ਇਲਾਕੇ ਵਿਚ ਇਕ ਵੀ ਦੁਕਾਨ ਨਹੀਂ ਖੁੱਲ੍ਹੀ ਅਤੇ ਸਥਾਨਕ ਲੋਕ ਸੜਕਾਂ ’ਤੇ ਨਜ਼ਰ ਨਹੀਂ ਆਏ। 30 ਵਰ੍ਹਿਆਂ ਦੇ ਇਕ ਨੂਹ ਵਾਸੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘‘ਇਥੇ ਕੋਈ ਸਮੱਸਿਆ ਨਹੀਂ ਹੈ। ਇਥੇ ਲੋਕ ਸ਼ਾਂਤੀ ਨਾਲ ਰਹਿੰਦੇ ਹਨ ਅਤੇ ਅਸੀਂ ਸਾਵਧਾਨੀ ਦੇ ਤੌਰ ’ਤੇ ਅਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ ਹਨ। ਅਸੀਂ ਵੇਖਿਆ ਕਿ ਪਿਛਲੀ ਵਾਰ ਕੀ ਹੋਇਆ ਸੀ। ਇਥੇ ਬਗ਼ੈਰ ਕਿਸੇ ਕਾਰਨ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ।’’
ਨੂਹ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ’ਤੇ ਸੋਮਵਾਰ ਨੂੰ ਵਿਦਿਅਕ ਸੰਸਥਾਵਾਂ ਅਤੇ ਬੈਂਕਾਂ ਨੂੰ ਬੰਦ ਰੱਖਣ ਦੇ ਹੁਕਮ ਦਿਤੇ ਸਨ। ਫਿਰਕੂ ਤੌਰ ’ਤੇ ਸੰਵੇਦਨਸ਼ੀਲ ਜ਼ਿਲ੍ਹੇ ’ਚ ਮੋਬਾਈਲ ਇੰਟਰਨੈਟ ਅਤੇ ‘ਬਲਕ ਐੱਸ.ਐਮ.ਐੱਸ.’ ਸੇਵਾਵਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਧਾਰਾ 144 ਹੇਠ ਪਾਬੰਦੀਆਂ ਦੇ ਹੁਕਮ ਲਾਗੂ ਕੀਤੇ ਗਏ ਹਨ। 31 ਜੁਲਾਈ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਦੀ ਯਾਤਰਾ ’ਤੇ ਭੀੜ ਵਲੋਂ ਹਮਲਾ ਕਰਨ ਤੋਂ ਬਾਅਦ ਨੂਹ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ’ਚ ਫਿਰਕੂ ਝੜਪਾਂ ’ਚ ਦੋ ਹੋਮ ਗਾਰਡ ਅਤੇ ਇਕ ਇਮਾਮ ਸਮੇਤ ਛੇ ਲੋਕ ਮਾਰੇ ਗਏ ਸਨ।