
ਮੌਨਸੂਨ ਭਾਵੇਂ ਹੁਣ ਪਰਤਣੀ ਸ਼ੁਰੂ ਹੋ ਗਈ ਹੈ, ਫਿਰ ਵੀ ਇਸ ਵਲੋਂ ਕਹਿਰ ਢਾਹਿਆ ਜਾਣਾ ਜਾਰੀ ਹੈ
Dehradun Floods Editorial in punjabi : ਮੌਨਸੂਨ ਭਾਵੇਂ ਹੁਣ ਪਰਤਣੀ ਸ਼ੁਰੂ ਹੋ ਗਈ ਹੈ, ਫਿਰ ਵੀ ਇਸ ਵਲੋਂ ਕਹਿਰ ਢਾਹਿਆ ਜਾਣਾ ਜਾਰੀ ਹੈ। ਮੰਗਲਵਾਰ ਨੂੰ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ ਆਏ ਅਚਨਚੇਤੀ ਹੜ੍ਹਾਂ ਕਾਰਨ 13 ਲੋਕ ਮਾਰੇ ਗਏ ਅਤੇ 16 ਹੋਰ ਲਾਪਤਾ ਹਨ। ਹੜ੍ਹਾਂ ਨੇ ਪਿੰਡਾਂ ਦੀ ਥਾਂ ਦੇਹਰਾਦੂਨ ਸ਼ਹਿਰ ਵਿਚ ਵੱਧ ਕਹਿਰ ਢਾਹਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੜ੍ਹ ਬੱਦਲ ਫੱਟਣ ਕਾਰਨ ਆਏ। ਅਜਿਹਾ ਹੀ ਘਟਨਾਕ੍ਰਮ ਉੱਤਰਾਖੰਡ ਦੀ ਕੁਮਾਊਂ ਡਿਵੀਜ਼ਨ ਵਿਚ ਨੈਨੀਤਾਲ ਤੇ ਪਿਥੌਰਾਗੜ੍ਹ ਵਿਖੇ ਵੀ ਵਾਪਰਿਆ। ਫ਼ਰਕ ਇਹ ਰਿਹਾ ਕਿ ਉੱਥੇ ਜਾਨੀ ਤੇ ਮਾਲੀ ਨੁਕਸਾਨ ਮੁਕਾਬਲਤਨ ਘੱਟ ਹੋਇਆ। ਉਨ੍ਹਾਂ ਦੋਵਾਂ ਇਲਾਕਿਆਂ ਵਿਚ ਇਕ-ਇਕ ਮੌਤ ਹੋਈ ਅਤੇ ਸੜਕਾਂ ਤੇ ਮਕਾਨਾਂ ਦੀ ਤਬਾਹੀ ਵੀ ਬਹੁਤੀ ਵਿਆਪਕ ਨਹੀਂ ਰਹੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਦੇਹਰਾਦੂਨ ਵਿਚ ਜ਼ਿਆਦਾ ਤਬਾਹੀ ਤਕਰੀਬਨ ਪੂਰੇ ਜ਼ਿਲ੍ਹੇ ਵਿਚ ਸੰਘਣੀ ਵਸੋਂ ਅਤੇ ਰਿਹਾਇਸ਼ੀ ਤੇ ਗ਼ੈਰ-ਰਿਹਾਇਸ਼ੀ ਇਮਾਰਤਾਂ ਦੀ ਬੇਹਿਸਾਬੀ ਉਸਾਰੀ ਕਾਰਨ ਹੋਈ।
ਇਹ ਜ਼ਿਲ੍ਹਾ ਬੁਨਿਆਦੀ ਤੌਰ ’ਤੇ ਪਹਾੜੀ ਵਾਦੀ ਵਿਚ ਸਥਿਤ ਹੈ। ਵਸੋਂ ਵਾਲੇ ਬਹੁਤੇ ਇਲਾਕਿਆਂ ਦੀ ਉਚਾਈ ਸਮੁੰਦਰੀ ਸਤਹਿ ਤੋਂ 2200 ਫੁੱਟ ਤੋਂ ਵੱਧ ਨਹੀਂ। ਨਦੀਆਂ ਤੇ ਚੋਅ ਇੱਥੇ ਬਹੁਤ ਵਗਦੇ ਹਨ ਜਿਨ੍ਹਾਂ ਵਿਚੋਂ ਬਹੁਤੇ ਅੱਗੇ ਜਾ ਕੇ ਯਮੁਨਾ ਵਿਚ ਜਾ ਰਲਦੇ ਹਨ। ਇਨ੍ਹਾਂ ਦੀ ਕੁਦਰਤੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਹੀ ਵਾਦੀ ਦੇ ਆਸ-ਪਾਸ ਸਥਿਤ ਉਚੇਰੇ ਪਹਾੜਾਂ ਵਿਚ ਮੀਂਹ ਪੈਂਦਾ ਹੈ, ਇਨ੍ਹਾਂ ਨਦੀਆਂ-ਨਾਲਿਆਂ ਵਿਚ ਇਹ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੰਦਾ ਹੈ। ਮੀਂਹ ਰੁਕਣ ਤੋਂ ਦੋ ਘੰਟਿਆਂ ਦੇ ਅੰਦਰ ਬਹੁਤੇ ਨਦੀ-ਨਾਲਿਆਂ ਵਿਚੋਂ ਪਾਣੀ ਦੀ ਕਲ-ਕਲ ਖ਼ਤਮ ਹੋ ਜਾਂਦੀ ਹੈ। ਕੁੱਝ ਸਮਾਂ ਪਹਿਲਾਂ ਤਕ ਇਨ੍ਹਾਂ ਨਦੀਆਂ-ਨਾਲਿਆਂ ਵਿਚੋਂ ਜ਼ਿਆਦਾਤਰ ’ਤੇ ਪੁਲ ਨਹੀਂ ਸੀ ਹੁੰਦੇ; ਅਮੂਮਨ ਕਾਜ਼ਵੇਆਂ ਨਾਲ ਹੀ ਕੰਮ ਚੱਲ ਜਾਂਦਾ ਸੀ।
ਪਰ ਹੁਣ ਸ਼ਹਿਰੀ ਵਸੋਂ ਤੇ ਸ਼ਹਿਰੀ ਰਕਬਾ ਏਨਾ ਵੱਧ ਗਿਆ ਹੈ ਕਿ ਨਾ ਪੁਲਾਂ ਬਿਨਾਂ ਗੁਜ਼ਾਰਾ ਹੈ ਅਤੇ ਨਾ ਹੀ ਓਵਰਬ੍ਰਿਜਾਂ ਤੇ ਉਚੇਰੀ ਸਤਹਿ ਵਾਲੀਆਂ (ਐਲੇਵੇਟਿਡ) ਸੜਕਾਂ ਤੋਂ ਬਿਨਾਂ। ਇਮਾਰਤੀ ਲੋੜਾਂ ਦੇ ਨਾਂਅ ’ਤੇ ਨਦੀਆਂ-ਨਾਲਿਆਂ ਨੂੰ ਸੁੰਗੜਨ ਲਈ ਮਜਬੂਰ ਕਰ ਦਿਤਾ ਗਿਆ ਹੈ। ਲਿਹਾਜ਼ਾ, ਉਨ੍ਹਾਂ ਵਿਚ ਜਦੋਂ ਪਾਣੀ ਚੜ੍ਹ ਕੇ ਆਉਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਕੰਢਿਆਂ ’ਤੇ ਸਥਿਤ ਇਮਾਰਤਾਂ ਉੱਤੇ ਹੀ ਸਿੱਧੀ ਮਾਰ ਕਰਦਾ ਹੈ। 2002 ਵਿਚ ਦੇਹਰਾਦੂਨ ਦੀ ਸ਼ਹਿਰੀ ਵਸੋਂ ਤਿੰਨ ਲੱਖ ਦੇ ਆਸ-ਪਾਸ ਸੀ, ਹੁਣ ਇਹ 10.31 ਲੱਖ ਹੈ। ਸ਼ਹਿਰੀ ਭੀੜ-ਭੜੱਕਾ ਮੈਟਰੋਪੋਲੀਟਨ ਹੱਦਾਂ ਤੋਂ ਅੱਠ-ਅੱਠ ਕਿਲੋਮੀਟਰ ਬਾਹਰੋਂ ਸ਼ੁਰੂ ਹੋ ਜਾਂਦਾ ਹੈ। ਅਜਿਹੇ ਆਲਮ ਵਿਚ ਨਦੀਆਂ-ਨਾਲਿਆਂ ਦੇ ਵਹਾਅ ਵਿਚ ਰੁਕਾਵਟਾਂ ਖੜ੍ਹੀਆਂ ਹੋਣੀਆਂ ਅਤੇ ਇਨ੍ਹਾਂ ਦਾ ਵਹਾਅ ਸੀਮਤ ਬਣਾਉਣ ਵਰਗੀਆਂ ਚਾਲਾਂ-ਕੁਚਾਲਾਂ ਕੁਦਰਤ ਦੇ ਕਹਿਰ ਅੱਗੇ ਬੇਵੱਸ ਜਾਪਣੀਆਂ ਸੁਭਾਵਿਕ ਹੀ ਹਨ। ਲਿਹਾਜ਼ਾ, ਜੋ ਕੁੱਝ ਹੁਣ ਵਾਪਰਿਆ ਹੈ, ਉਹ ਸ਼ਹਿਰੀ ਯੋਜਨਾਬੰਦੀ ਦੀ ਅਣਹੋਂਦ ਜਾਂ ਅਣਦੇਖੀ ਦਾ ਸਿੱਟਾ ਹੈ। ਡਾਲਨਵਾਲਾ, ਸੇਲਾਕੁਈ, ਮਾਲਦੇਵਤਾ, ਟਪਕੇਸ਼ਵਰ ਮੰਦਿਰ, ਸੁਮਨ ਨਗਰ ਆਦਿ ਸ਼ਹਿਰੀ ਇਲਾਕੇ ਉਹ ਹਨ ਜਿੱਥੇ ਕਦੇ ਹੜ੍ਹ ਨਹੀਂ ਸੀ ਆਏ। ਇਸ ਵਾਰ 9 ਮੌਤਾਂ ਇਨ੍ਹਾਂ ਇਲਾਕਿਆਂ ਵਿਚ ਹੋਈਆਂ ਹਨ।
ਦੇਹਰਾਦੂਨ ਕਦੇ ਭਾਰਤ ਦੇ ਸਭ ਤੋਂ ਖ਼ੂਬਸੂਰਤ ਸ਼ਹਿਰਾਂ ਵਿਚ ਸ਼ੁਮਾਰ ਹੁੰਦਾ ਸੀ। ਹੁਣ ਇਹ ਬੇਢੱਬੇ ਤੇ ਕੁਢੱਬੇ ਸ਼ਹਿਰੀਕਰਨ ਦਾ ਨਮੂਨਾ ਹੈ। ਪਹਾੜੀ ਖੇਤਰਾਂ ਵਿਚ ਇਸ ਕਿਸਮ ਦੇ ਸ਼ਹਿਰੀਕਰਨ ਨੂੰ ਨਿਰਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਪਰ ਸਾਡੇ ਸਿਆਸਤਦਾਨਾਂ, ਅਫ਼ਸਰਸ਼ਾਹੀ ਤੇ ਧਨ-ਕੁਬੇਰਾਂ ਨੇ ਅਜਿਹੀ ਸੋਚ ਨੂੰ ਆਮ ਲੋਕਾਂ ਵਿਚ ਵੀ ਉਭਰਨ ਨਹੀਂ ਦਿਤਾ। ਉੱਤਰਾਖੰਡ ਦਾ ਗੜ੍ਹਵਾਲ ਮੰਡਲ ਅਪਣੀ ਕੁਦਰਤੀ ਖ਼ੂਬਸੂਰਤੀ ਤੇ ਸ਼ਾਂਤ ਜਨ-ਜੀਵਨ ਸਦਕਾ ਕਦੇ ਸਹੀ ਮਾਅਨਿਆਂ ਵਿਚ ਦੇਵ-ਭੂਮੀ ਹੋਇਆ ਕਰਦਾ ਸੀ। ਹੁਣ ਇਹ ਤੀਰਥ ਯਾਤਰੀਆਂ ਤੇ ਸੈਲਾਨੀਆਂ ਲਈ ਸਹੂਲਤਾਂ ਦੇ ਨਾਂਅ ਉੱਤੇ ਪਹਾੜੀ ਖ਼ੂਬਸੂਰਤੀ ਤੋਂ ਹੀ ਵਿਹੂਣਾ ਬਣਾ ਦਿਤਾ ਗਿਆ ਹੈ।
ਬੱਦਲ, ਮੰਗਲਵਾਰ ਨੂੰ ਅਲਮੋੜਾ ਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਵਿਚ ਵੀ ਫਟੇ, ਪਰ ਉੱਥੇ ਇਸ ਕੁਦਰਤੀ ਕਰੋਪੀ ਨੇ ਦੇਹਰਾਦੂਨ ਵਰਗਾ ਕਹਿਰ ਕਿਉਂ ਨਹੀਂ ਵਰਤਾਇਆ? ਇਸ ਸਵਾਲ ਦਾ ਜਵਾਬ ਕੁਮਾਊਂ ਮੰਡਲ ਦੀ ਲੋਕ-ਮਾਨਸਿਕਤਾ ਵਿਚੋਂ ਮਿਲਦਾ ਹੈ। ਉੱਥੇ ਪੰਚਾਇਤਾਂ ਜਾਂ ਸ਼ਹਿਰੀ ਸੰਸਥਾਵਾਂ ਪਹਾੜਾਂ ਤੇ ਜੰਗਲਾਂ ਨੂੰ ਬੇਹੂਦਗੀ ਨਾਲ ਛਿੱਲਣ ਦਾ ਸਿੱਧਾ ਵਿਰੋਧ ਕਰਦੀਆਂ ਆਈਆਂ ਹਨ। ਗੜ੍ਹਵਾਲ ਮੰਡਲ ਮਾਇਕ ਸਬਜ਼-ਬਾਗਾਂ ਦੀ ਚਕਾਚੌਂਧ ਅੱਗੇ ਗੋਡੇ ਟੇਕ ਗਿਆ। ਬੇਹਿਸਾਬਾ ਸ਼ਹਿਰੀਕਰਨ (ਪਹਾੜਾਂ ਵਿਚ ਸੈਲਾਨੀਕਰਨ) ਕੋਈ ਨਿਆਮਤ ਨਹੀਂ। ਇਹ ਮਨੁੱਖੀ ਜਾਨਾਂ ਦਾ ਖ਼ੌਅ ਅਕਸਰ ਸਾਬਤ ਹੁੰਦਾ ਆਇਆ ਹੈ। ਦੇਹਰਾਦੂਨ ਦਾ ‘ਅ-ਮੰਗਲਵਾਰ’ ਇਸ ਦੀ ਉਘੜਵੀਂ ਮਿਸਾਲ ਹੈ।