
ਜਨ ਧਨ ਯੋਜਨਾ ਦੇ 10 ਸਾਲ ਪੂਰੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀ.ਐੱਮ.ਜੇ.ਡੀ.ਵਾਈ.) ਦੇ 10 ਸਾਲ ਪੂਰੇ ਹੋਣ ’ਤੇ ਬੁਧਵਾਰ ਨੂੰ ਕਿਹਾ ਕਿ ਇਹ ਯੋਜਨਾ ਸਨਮਾਨ ਮਜ਼ਬੂਤੀਕਰਨ ਅਤੇ ਦੇਸ਼ ਦੇ ਆਰਥਕ ਜੀਵਨ ’ਚ ਹਿੱਸਾ ਲੈਣ ਦੇ ਮੌਕੇ ਦਾ ਪ੍ਰਤੀਕ ਹੈ। ਮੋਦੀ ਨੇ ਜਨ ਧਨ ਯੋਜਨਾ ਨੂੰ ਸਫਲ ਬਣਾਉਣ ਲਈ ਕੰਮ ਕਰ ਰਹੇ ਲੋਕਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਯੋਜਨਾ ਵਿੱਤੀ ਸ਼ਮੂਲੀਅਤ ਨੂੰ ਉਤਸ਼ਾਹਤ ਕਰਨ ’ਚ ਮਹੱਤਵਪੂਰਨ ਰਹੀ ਹੈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਅਪਣੇ ਅਧਿਕਾਰਤ ਅਕਾਊਂਟ ’ਤੇ ਲਿਖਿਆ, ‘‘ਅੱਜ ਇਕ ਇਤਿਹਾਸਕ ਦਿਨ ਹੈ... ਜਨ ਧਨ ਯੋਜਨਾ ਦੇ 10 ਸਾਲ ਪੂਰੇ ਹੋ ਗਏ ਹਨ। ਸਾਰੇ ਲਾਭਪਾਤਰੀਆਂ ਨੂੰ ਸ਼ੁਭਕਾਮਨਾਵਾਂ ਅਤੇ ਉਨ੍ਹਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੋ ਇਸ ਯੋਜਨਾ ਨੂੰ ਸਫਲ ਬਣਾਉਣ ਲਈ ਦਿਨ-ਰਾਤ ਕੰਮ ਕਰਦੇ ਹਨ।’’
ਉਨ੍ਹਾਂ ਕਿਹਾ ਕਿ ਜਨ ਧਨ ਯੋਜਨਾ ਵਿੱਤੀ ਸ਼ਮੂਲੀਅਤ ਨੂੰ ਉਤਸ਼ਾਹਤ ਕਰਨ ਅਤੇ ਕਰੋੜਾਂ ਲੋਕਾਂ, ਖਾਸ ਕਰ ਕੇ ਔਰਤਾਂ, ਨੌਜੁਆਨਾਂ ਅਤੇ ਹਾਸ਼ੀਏ ’ਤੇ ਪਏ ਭਾਈਚਾਰਿਆਂ ਨੂੰ ਸਨਮਾਨਿਤ ਕਰਨ ’ਚ ਸੱਭ ਤੋਂ ਅੱਗੇ ਰਹੀ ਹੈ।ਪ੍ਰਧਾਨ ਮੰਤਰੀ ਨੇ ਬਾਅਦ ’ਚ ਪੇਸ਼ੇਵਰ ਮੰਚ ‘ਲਿੰਕਡਇਨ’ ’ਤੇ ਲਿਖਿਆ, ‘‘ਅੱਜ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੂੰ ਇਕ ਦਹਾਕੇ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਪਹਿਲ ਸਿਰਫ ਇਕ ਨੀਤੀ ਨਹੀਂ ਹੈ। ਇਹ ਇਕ ਅਜਿਹਾ ਭਾਰਤ ਬਣਾਉਣ ਦੀ ਕੋਸ਼ਿਸ਼ ਹੈ ਜਿੱਥੇ ਹਰ ਨਾਗਰਿਕ, ਚਾਹੇ ਉਹ ਕਿਸੇ ਵੀ ਆਰਥਕ ਪਿਛੋਕੜ ਦਾ ਹੋਵੇ, ਦੀ ਰਸਮੀ ਬੈਂਕਿੰਗ ਪ੍ਰਣਾਲੀ ਤਕ ਪਹੁੰਚ ਹੋਵੇ।’’
ਮੋਦੀ ਨੇ ਕਿਹਾ, ‘‘ਤੁਹਾਡੇ ਵਿਚੋਂ ਬਹੁਤ ਸਾਰੇ, ਖਾਸ ਕਰ ਕੇ ਨੌਜੁਆਨ ਸੋਚ ਰਹੇ ਹੋਣਗੇ। ਆਖਰਕਾਰ, ਇਸ ਯੁੱਗ ’ਚ ਬੈਂਕ ਖਾਤਾ ਹੋਣਾ ਇਕ ਬਹੁਤ ਹੀ ਬੁਨਿਆਦੀ ਚੀਜ਼ ਹੈ ਅਤੇ ਇਸਨੂੰ ਇਕ ਆਮ ਚੀਜ਼ ਵੀ ਮੰਨਿਆ ਜਾਂਦਾ ਹੈ। ਹਾਲਾਂਕਿ, ਜਦੋਂ ਅਸੀਂ 2014 ’ਚ ਸੱਤਾ ਸੰਭਾਲੀ ਸੀ, ਤਾਂ ਸਥਿਤੀ ਬਹੁਤ ਵੱਖਰੀ ਸੀ। ਆਜ਼ਾਦੀ ਦੇ ਲਗਭਗ 65 ਸਾਲ ਹੋ ਗਏ ਸਨ ਪਰ ਸਾਡੇ ਲਗਭਗ ਅੱਧੇ ਪਰਵਾਰਾਂ ਲਈ ਬੈਂਕਿੰਗ ਪ੍ਰਣਾਲੀ ਤਕ ਪਹੁੰਚ ਇਕ ਸੁਪਨਾ ਸੀ।’’
ਪ੍ਰਧਾਨ ਮੰਤਰੀ ਜਨ ਧਨ ਯੋਜਨਾ 2014 ’ਚ ਇਸ ਦਿਨ ਸ਼ੁਰੂ ਕੀਤੀ ਗਈ ਸੀ ਅਤੇ ਵਿੱਤੀ ਸ਼ਮੂਲੀਅਤ ਬਾਰੇ ਇਕ ਕੌਮੀ ਮਿਸ਼ਨ ਹੈ। ਇਸ ਯੋਜਨਾ ਦਾ ਉਦੇਸ਼ ਘੱਟੋ-ਘੱਟ ਇਕ ਬੁਨਿਆਦੀ ਬੈਂਕਿੰਗ ਖਾਤਾ, ਵਿੱਤੀ ਸਾਖਰਤਾ, ਕ੍ਰੈਡਿਟ, ਬੀਮਾ ਅਤੇ ਪੈਨਸ਼ਨ ਸਹੂਲਤ ਦੇ ਨਾਲ-ਨਾਲ ਬੈਂਕਿੰਗ ਸਹੂਲਤਾਂ ਤਕ ਪਹੁੰਚ ਦੇ ਨਾਲ ਹਰ ਪਰਵਾਰ ਤਕ ਪਹੁੰਚ ਨੂੰ ਯਕੀਨੀ ਬਣਾਉਣਾ ਹੈ।