
ਸੜਕ ਵਿਚਕਾਰ ਬੈਠੇ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹਾਦਸਾ ਵਾਪਰਿਆ
ਦਵਾਰਕਾ : ਗੁਜਰਾਤ ’ਚ ਇਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਬੱਸਾਂ, ਦੋ ਕਾਰਾਂ ਅਤੇ ਇਕ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ’ਚ 8 ਲੋਕਾਂ ਦੀ ਦੁਖਦਾਈ ਮੌਤ ਹੋ ਗਈ ਅਤੇ 12 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਅਤੇ ਜ਼ਖਮੀਆਂ ਨੂੰ ਖੰਬਾਲੀਆ ਹਸਪਤਾਲ ’ਚ ਦਾਖਲ ਕਰਵਾਇਆ।
ਇਹ ਹਾਦਸਾ ਗੁਜਰਾਤ ਦੇ ਦਵਾਰਕਾ ਦੇ ਬਰਦੀਆ ਨੇੜੇ ਵਾਪਰਿਆ ਜਦੋਂ ਸਨਿਚਰਵਾਰ ਰਾਤ 7:45 ਵਜੇ ਨੈਸ਼ਨਲ ਹਾਈਵੇ 51 ’ਤੇ ਬੱਸ ਡਿਵਾਈਡਰ ਟੱਪਦੀ ਹੋਈ ਦੋ ਕਾਰਾਂ ਅਤੇ ਇਕ ਮੋਟਰਾਈਕਲ ਨਾਲ ਟਕਰਾ ਗਈ, ਜਿਸ ਕਾਰਨ ਬੱਸਾਂ ਵਿਚ ਬੈਠੇ ਮੁਸਾਫ਼ਰਾਂ ਵਿਚ ਚੀਕ-ਚਿਹਾੜਾ ਫੈਲ ਗਿਆ। ਬੱਸ ਦਵਾਰਕਾ ਤੋਂ ਸੋਮਨਾਥ ਜਾ ਰਹੀ ਸੀ। ਸੜਕ ਵਿਚਕਾਰ ਬੈਠੇ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹਾਦਸਾ ਵਾਪਰਿਆ ਦਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਤੁਰਤ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸੇ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿਤੀ ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਜਲਦਬਾਜ਼ੀ ’ਚ ਮੌਕੇ ’ਤੇ ਪਹੁੰਚ ਗਈ ਅਤੇ ਸੜਕ ’ਤੇ ਪਲਟੀ ਬੱਸ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਹੁਣ ਤਕ ਅੱਠ ਲਾਸ਼ਾਂ ਬਰਾਮਦ ਕੀਤੀਆਂ ਹਨ। ਹਾਦਸੇ ’ਚ ਜ਼ਖਮੀ ਹੋਏ 5 ਲੋਕਾਂ ਨੂੰ ਮੁੱਢਲੀ ਸਹਾਇਤਾ ਲਈ ਖੰਭਾਲੀਆ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਜਾਮਨਗਰ ਰੈਫਰ ਕਰ ਦਿਤਾ।
ਹਾਦਸੇ ਤੋਂ ਬਾਅਦ ਸੜਕ ’ਤੇ ਜਾਮ ਲੱਗ ਗਿਆ, ਜਿਸ ਕਾਰਨ ਲੋਕ ਕਾਫੀ ਦੇਰ ਤਕ ਫਸੇ ਰਹੇ। ਪਲਟੀਆਂ ਬੱਸਾਂ ਨੂੰ ਪੁਲਿਸ ਵਲੋਂ ਸੜਕ ਤੋਂ ਹਟਾਇਆ ਜਾ ਰਿਹਾ ਹੈ। ਪੁਲਿਸ ਨੇ ਦਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਹਾਲਾਂਕਿ ਅਜੇ ਤਕ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।