
ਐਮ.ਏ.ਐਮ. ਸਟੇਡੀਅਮ ’ਚ ਭਾਜਪਾ ਉਮੀਦਵਾਰਾਂ ਦੇ ਸਮਰਥਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ‘2016 ’ਚ ਸਰਹੱਦ ਪਾਰ ਕੀਤੀ ਗਈ ਸਰਜੀਕਲ ਸਟ੍ਰਾਈਕ’ ਦਾ ਜ਼ਿਕਰ ਕੀਤਾ
J&K News : ਕਾਂਗਰਸ, ਨੈਸ਼ਨਲ ਕਾਨਫਰੰਸ (ਐਨ.ਸੀ.) ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਨੂੰ ਸੰਵਿਧਾਨ ਦਾ ਸੱਭ ਤੋਂ ਵੱਡਾ ਦੁਸ਼ਮਣ ਦਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਸ਼ਾਂਤੀ ਅਤੇ ਅਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਭ੍ਰਿਸ਼ਟਾਚਾਰ, ਅਤਿਵਾਦ ਅਤੇ ਵੱਖਵਾਦ ਤੋਂ ਮੁਕਤ ਸਰਕਾਰ ਦੀ ਆਸ ਲਾ ਕੇ ਬੈਠੇ ਹੋਏ ਹਨ।
ਇੱਥੇ ਐਮ.ਏ.ਐਮ. ਸਟੇਡੀਅਮ ’ਚ ਭਾਜਪਾ ਉਮੀਦਵਾਰਾਂ ਦੇ ਸਮਰਥਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ‘2016 ’ਚ ਸਰਹੱਦ ਪਾਰ ਕੀਤੀ ਗਈ ਸਰਜੀਕਲ ਸਟ੍ਰਾਈਕ’ ਦਾ ਜ਼ਿਕਰ ਕੀਤਾ ਅਤੇ ਕਿਹਾ, ‘‘ਅਤਿਵਾਦ ਦੇ ਮਾਲਕ ਜਾਣਦੇ ਹਨ ਕਿ ਜੇ ਉਹ ਕੁੱਝ ਗਲਤ ਕਰਦੇ ਹਨ, ਤਾਂ ਮੋਦੀ ਉਨ੍ਹਾਂ ਨੂੰ ਪਾਤਾਲ ਤੋਂ ਵੀ ਲੱਭ ਲਵੇਗਾ।’’
ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦਾ ਤੀਜਾ ਅਤੇ ਆਖਰੀ ਪੜਾਅ 1 ਅਕਤੂਬਰ ਨੂੰ ਹੈ। ਇਸ ਪੜਾਅ ’ਚ ਜੰਮੂ ਖੇਤਰ ਦੀਆਂ 40 ਅਤੇ ਕਸ਼ਮੀਰ ਵਾਦੀ ਦੀਆਂ 16 ਸੀਟਾਂ ’ਤੇ ਵੋਟਿੰਗ ਹੋਵੇਗੀ।
ਮੋਦੀ ਨੇ ਰੈਲੀ ’ਚ ਦਾਅਵਾ ਕੀਤਾ ਕਿ ਲੋਕਾਂ ’ਚ ਭਾਜਪਾ ਪ੍ਰਤੀ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ, ‘‘ਜੰਮੂ-ਕਸ਼ਮੀਰ ਦੇ ਲੋਕ ਤਿੰਨ ਪਰਵਾਰਾਂ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਦੇ ਸ਼ਾਸਨ ਦੇ ਸ਼ਿਕਾਰ ਸਨ ਅਤੇ ਹੁਣ ਉਹ ਉਨ੍ਹਾਂ ਨੂੰ ਵਾਪਸ ਨਹੀਂ ਚਾਹੁੰਦੇ ਹਨ।’’
ਪ੍ਰਧਾਨ ਮੰਤਰੀ ਨੇ ਅਪਣੇ ਕਰੀਬ 45 ਮਿੰਟ ਦੇ ਭਾਸ਼ਣ ’ਚ ਕਿਹਾ, ‘‘ਉਹ ਨੌਕਰੀਆਂ ’ਚ ਭ੍ਰਿਸ਼ਟਾਚਾਰ ਅਤੇ ਵਿਤਕਰਾ, ਅਤਿਵਾਦ, ਵੱਖਵਾਦ ਅਤੇ ਖੂਨ-ਖਰਾਬਾ ਨਹੀਂ ਚਾਹੁੰਦੇ। ਇਸ ਦੀ ਬਜਾਏ, ਉਹ ਅਪਣੇ ਬੱਚਿਆਂ ਲਈ ਸ਼ਾਂਤੀ ਅਤੇ ਬਿਹਤਰ ਭਵਿੱਖ ਚਾਹੁੰਦੇ ਹਨ।’’ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਚਾਹੁੰਦੇ ਹਨ ਕਿ ਭਾਜਪਾ ਸਰਕਾਰ ਬਣਾਏ ਅਤੇ ਪਹਿਲੇ ਦੋ ਪੜਾਵਾਂ ’ਚ ਜ਼ਿਆਦਾ ਵੋਟਿੰਗ ਲੋਕਾਂ ਦੇ ਮੂਡ ਨੂੰ ਦਰਸਾਉਂਦੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਜੰਮੂ ਖੇਤਰ ਨਾਲ ਵਿਤਕਰਾ ਕੀਤਾ ਸੀ। ਉਨ੍ਹਾਂ ਕਿਹਾ, ‘‘ਇਹ ਮੰਦਰਾਂ ਦਾ ਸ਼ਹਿਰ ਹੈ। ਮੌਕਾ ਬਰਬਾਦ ਨਾ ਕਰੋ ਭਾਜਪਾ ਦੀ ਸਰਕਾਰ ਬਣੇਗੀ ਅਤੇ ਇਹ ਤੁਹਾਡੇ ਸਾਰੇ ਮੁੱਦਿਆਂ ਨੂੰ ਹੱਲ ਕਰੇਗੀ।’’
ਮੋਦੀ ਨੇ ਦੋਸ਼ ਲਾਇਆ, ‘‘ਕਾਂਗਰਸ (ਅਤਿਵਾਦ ਕਾਰਨ) ਪੀੜ੍ਹੀਆਂ ਦੇ ਨੁਕਸਾਨ ਲਈ ਸੱਭ ਤੋਂ ਵੱਡੀ ਪਾਰਟੀ ਜ਼ਿੰਮੇਵਾਰ ਹੈ। ਆਜ਼ਾਦੀ ਤੋਂ ਬਾਅਦ ਪਾਰਟੀ ਦੀਆਂ ਗਲਤ ਨੀਤੀਆਂ ਨੇ ਵਿਰੋਧੀ ਤਾਕਤਾਂ ਦੇ ਹੌਸਲੇ ਬੁਲੰਦ ਕੀਤੇ ਹਨ।’’
ਮੋਦੀ ਨੇ ਕਿਹਾ, ‘‘ਜੰਮੂ ’ਚ ਸਰਹੱਦ ’ਤੇ ਜੰਗਬੰਦੀ ਦੀ ਉਲੰਘਣਾ ਆਮ ਗੱਲ ਸੀ ਕਿਉਂਕਿ ਉਹ (ਕਾਂਗਰਸ) ਉਨ੍ਹਾਂ ਨੂੰ ਚਿੱਟੇ ਝੰਡੇ ਵਿਖਾਉਂਦੇ ਸਨ।’’ ਉਨ੍ਹਾਂ ਕਿਹਾ, ‘‘ਭਾਜਪਾ ਸਰਕਾਰ ਨੇ ਉਨ੍ਹਾਂ ਦੀ ਅਕਲ ਟਿਕਾਣੇ ਲਿਆਉਣ ਲਈ ਗੋਲੀਆਂ ਦਾ ਜਵਾਬ ਮੋਰਟਾਰ ਦੇ ਗੋਲਿਆਂ ਨਾਲ ਦਿਤਾ।’’
ਉਨ੍ਹਾਂ ਕਿਹਾ, ‘‘ਅੱਜ 28 ਸਤੰਬਰ ਹੈ ਅਤੇ ਤੁਸੀਂ ਜਾਣਦੇ ਹੋ ਕਿ ਸਰਜੀਕਲ ਸਟ੍ਰਾਈਕ ਅੱਜ ਦੇ ਦਿਨ (2016 ਵਿਚ) ਹੋਈ ਸੀ। ਭਾਰਤ ਨੇ ਦੁਨੀਆਂ ਨੂੰ ਸੰਦੇਸ਼ ਦਿਤਾ ਸੀ ਕਿ ਇਹ ਨਵਾਂ ਭਾਰਤ ਹੈ ਅਤੇ ਇਹ ਘਰ ’ਚ ਦਾਖਲ ਹੋ ਕੇ ਮਾਰਦਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਸਰਜੀਕਲ ਸਟ੍ਰਾਈਕ ਕਰਨ ਤੋਂ ਬਾਅਦ ਕਾਂਗਰਸ ਨੇ ਇਸ ਦੇ ਸਬੂਤ ਮੰਗੇ ਸਨ।
ਉਨ੍ਹਾਂ ਕਿਹਾ, ‘‘ਇਹ ਇਕ ਅਜਿਹੀ ਪਾਰਟੀ ਹੈ ਜੋ ਸਰਜੀਕਲ ਸਟ੍ਰਾਈਕ ’ਤੇ ਪਾਕਿਸਤਾਨ ਦੀ ਭਾਸ਼ਾ ਬੋਲਦੀ ਹੈ। ਕੀ ਤੁਸੀਂ ਕਾਂਗਰਸ ਨੂੰ ਅਜਿਹੀ ਭਾਸ਼ਾ ਲਈ ਮੁਆਫ ਕਰੋਗੇ, ਕਾਂਗਰਸ ਉਨ੍ਹਾਂ ਦਾ ਸਨਮਾਨ ਨਹੀਂ ਕਰਦੀ ਜੋ ਦੇਸ਼ ਲਈ ਅਪਣੀਆਂ ਜਾਨਾਂ ਕੁਰਬਾਨ ਕਰਦੇ ਹਨ।’’ ਉਨ੍ਹਾਂ ਦੋਸ਼ ਲਾਇਆ ਕਿ ਇਹ ਉਹੀ ਕਾਂਗਰਸ ਹੈ ਜਿਸ ਨੇ ਹਥਿਆਰਬੰਦ ਬਲਾਂ ਨੂੰ ਇਹ ਸੋਚ ਕੇ ਝੂਠ ਬੋਲਿਆ ਸੀ ਕਿ ‘ਵਨ ਰੈਂਕ ਵਨ ਪੈਨਸ਼ਨ’ ਸਰਕਾਰੀ ਖਜ਼ਾਨੇ ’ਤੇ ਬੋਝ ਹੋਵੇਗੀ।
ਕਾਂਗਰਸ ’ਤੇ ਸ਼ਹਿਰੀ ਨਕਸਲੀਆਂ ਦੇ ਪ੍ਰਭਾਵ ਹੇਠ ਹੋਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਜਦੋਂ ਘੁਸਪੈਠੀਏ ਬਾਹਰੋਂ ਆਉਂਦੇ ਹਨ ਤਾਂ ਉਨ੍ਹਾਂ ਨੂੰ ਚੰਗਾ ਲਗਦਾ ਹੈ ਕਿਉਂਕਿ ਉਹ ਉਨ੍ਹਾਂ ਨੂੰ ਵੋਟ ਬੈਂਕ ਵਜੋਂ ਵੇਖਦੇ ਹਨ। ਪਰ ਸਾਡੇ ਅਪਣੇ ਲੋਕਾਂ ਦੀਆਂ ਸਮੱਸਿਆਵਾਂ ਲਈ ਉਹ ਮਜ਼ਾਕ ਉਡਾਉਂਦੇ ਹਨ।’’
ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਸੰਵਿਧਾਨ ਦੇ ਸੱਭ ਤੋਂ ਵੱਡੇ ਦੁਸ਼ਮਣ ਹਨ। ਉਨ੍ਹਾਂ ਨੇ ਇਨ੍ਹਾਂ ਪਾਰਟੀਆਂ ’ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਵੋਟ ਪਾਉਣ ਤੋਂ ਵਾਂਝਾ ਰੱਖ ਕੇ ਬੀ.ਆਰ. ਅੰਬੇਡਕਰ ਦੇ ਸੰਵਿਧਾਨ ਦੀ ਭਾਵਨਾ ਦਾ ਗਲਾ ਘੁੱਟਣ ਦਾ ਦੋਸ਼ ਲਾਇਆ।
ਮੋਦੀ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ ਮਹਾਰਾਜਾ ਹਰੀ ਸਿੰਘ ਅਤੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਸਮੇਤ ਮਹਾਨ ਡੋਗਰਾ ਸ਼ਖਸੀਅਤਾਂ ਨੂੰ ਉਨ੍ਹਾਂ ਦੀ ਜਯੰਤੀ ’ਤੇ ਯਾਦ ਕਰਦਿਆਂ ਕੀਤੀ। ਮੋਦੀ ਦੀ ਜੰਮੂ-ਕਸ਼ਮੀਰ ਦੀ ਇਹ ਤੀਜੀ ਯਾਤਰਾ ਹੈ ਅਤੇ ਪਿਛਲੇ ਪੰਦਰਵਾੜੇ ਵਿਚ ਚੌਥੀ ਚੋਣ ਰੈਲੀ ਹੈ।
ਉਨ੍ਹਾਂ ਨੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਚਾਰ ਦਿਨ ਪਹਿਲਾਂ 14 ਸਤੰਬਰ ਨੂੰ ਡੋਡਾ ਜ਼ਿਲ੍ਹੇ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਨੇ ਦੂਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ 19 ਸਤੰਬਰ ਨੂੰ ਸ਼੍ਰੀਨਗਰ ਅਤੇ ਕਟੜਾ ’ਚ ਦੋ ਹੋਰ ਰੈਲੀਆਂ ਕੀਤੀਆਂ ਸਨ। ਤੀਜੇ ਪੜਾਅ ਲਈ ਤਿੱਖਾ ਪ੍ਰਚਾਰ ਐਤਵਾਰ ਸ਼ਾਮ ਨੂੰ ਖਤਮ ਹੋ ਜਾਵੇਗਾ।