
DGPC ਨੇ ਸਿੱਖ ਵਿਦਿਆਰਥੀਆਂ 'ਤੇ ਲਗਾਈਆਂ ਪਾਬੰਦੀਆਂ ਦਾ ਕੀਤਾ ਵਿਰੋਧ
ਜੰਮੂ : ਪੁਲਿਸ ਕਾਂਸਟੇਬਲ ਦੇ ਇਮਤਿਹਾਨ ਵਿੱਚ ਬਾਰਡਰ ਬਟਾਲੀਅਨ ਵਿਖੇ ਸਿੱਖ ਵਿਦਿਆਰਥੀਆਂ ਨੂੰ ਆਪਣੇ ਕਕਾਰਾਂ ਨਾਲ ਨਾ ਬੈਠਣ ਦੇ ਮਾਮਲੇ ਵਿਚ ਡੀਜੀਪੀਸੀ ਜੰਮੂ ਸਮੇਤ ਡੀਜੀਪੀਸੀ ਸਾਂਬਾ, ਰਿਆਸੀ, ਕਠੂਆ ਅਤੇ ਹੋਰ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ ਹੈ। ਡੀ.ਜੀ.ਪੀ.ਸੀ. ਜੰਮੂ ਦੇ ਪ੍ਰਧਾਨ ਰਣਜੀਤ ਸਿੰਘ ਟੋਹੜਾ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕੀ ਅਜਿਹੀ ਘਟਨਾ ਤੋਂ ਲਗਦਾ ਹੈ ਕੀ ਇਹ ਸੰਵਿਧਾਨ ਦੀ ਧਾਰਾ 25 ਵਿੱਚ ਦਰਜ ਸਿੱਖ ਕੌਮ ਦੀ ਧਾਰਮਿਕ ਸੁਤੰਤਰਤਾ ਉੱਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲਾ ਜਾਪਦਾ ਹੈ, ਨਹੀਂ ਤਾਂ ਇਹ ਕਿਵੇਂ ਸੰਭਵ ਹੈ ਕਿ ਸੰਵਿਧਾਨਕ ਗਰੰਟੀ ਹੋਣ ਦੇ ਬਾਵਜੂਦ, ਕਿਰਪਾਨ ਧਾਰਨ ਕਰਨ ਅਤੇ ਕੜਾ ਪਾਉਣ ਤੋਂ ਕਿਸੇ ਵੀ ਅੰਮ੍ਰਿਤਧਾਰੀ ਸਿੱਖ ਉਮੀਦਵਾਰ ਨੂੰ ਪ੍ਰੀਖਿਆ ਕੇਂਦਰ ਵਿਚ ਬੈਠਣ ਤੋਂ ਰੋਕਿਆ ਜਾਵੇ।
ਉਨ੍ਹਾਂ ਨੇ ਦਿੱਲੀ ਹਾਈ ਕੋਰਟ ਦੇ ਡੀਐਸਜੀਐਮਸੀ ਅਤੇ ਓਆਰਐਸ ਬਨਾਮ ਯੂਨੀਅਨ ਆਫ਼ ਇੰਡੀਆ ਦੇ ਮਾਮਲੇ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਸਿੱਖ ਕਕਾਰਾਂ ਦੇ ਦਾਖਲੇ 'ਤੇ ਪਾਬੰਦੀ ਲਗਾਉਂਦਾ ਹੈ। ਹਰ ਸਿੱਖ ਨੂੰ ਕੜਾ ਪਹਿਨਣ ਅਤੇ ਕਿਰਪਾਨ ਧਾਰਨ ਕਰਨ ਦਾ ਹੱਕ ਹੈ।
ਇਸ ਮੌਕੇ ਸਾਰੇ ਹਾਜ਼ਰੀੰਆਂ ਨੇ ਇਸ ਨੂੰ ਇੱਕ ਅਣਗਹਿਲੀ ਅਤੇ ਸੰਵਿਧਾਨਕ ਧਾਰਾਵਾਂ ਦੀ ਸ਼ਰੇਆਮ ਉਲੰਘਣਾ ਕਰਾਰ ਦਿੱਤਾ ਅਤੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਨਿੰਦਣਯੋਗ ਹੈ। ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਅਤੇ ਕਿਹਾ ਕੀ ਜੋ ਵੀ ਇਸ ਘਟਨਾ ਲਈ ਜ਼ਿੰਮੇਵਾਰ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਜੰਮੂ ਦੇ ਸਾਰੇ ਡੀਜੀਪੀਸੀ ਨੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਹਾਜ਼ਰ ਸਿੱਖ ਜਥੇਬੰਦੀਆਂ ਨੇ ਕਿਹਾ ਕੀ ਜੇਕਰ ਇਸ ਘਟਨਾ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਿੱਖ ਇਸ ਗੈਰ-ਸੰਵਿਧਾਨਕ ਕਾਰੇ ਵਿਰੁੱਧ ਵੱਡੇ ਪੱਧਰ 'ਤੇ ਅੰਦੋਲਨ ਛੇੜਨ ਅਤੇ ਆਪਣੀ ਧਾਰਮਿਕ ਆਜ਼ਾਦੀ ਅਤੇ ਜਾਇਜ਼ ਹੱਕਾਂ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਜੇਕਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਉਹ ਅਦਾਲਤੀ ਰਾਹ ਅਪਣਾਉਣ ਤੋਂ ਗੁਰੇਜ਼ ਨਹੀਂ ਕਰਨਗੇ।