
ਸੋਸ਼ਲ ਮੀਡਿਆ ਪਲੇਟਫਾਰਮ 'ਤੇ ਫ਼ਰਜ਼ੀ ਖਾਤਿਆਂ ਦੀ ਗਿਣਤੀ ਅਤੇ ਟਵਿੱਟਰ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦਾ ਲੱਗਿਆ ਇਲਜ਼ਾਮ
ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੈਸਲਾ ਕੰਪਨੀ ਦੇ ਮਾਲਕ ਐਲਨ ਮਸਕ ਨੇ ਟਵਿੱਟਰ ਨੂੰ ਖਰੀਦ ਲਿਆ। ਕੁਝ ਘੰਟਿਆਂ ਬਾਅਦ ਸੀਈਓ ਪਰਾਗ ਅਗਰਵਾਲ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਦੇ ਨਾਲ ਦੋ ਹੋਰ ਅਧਿਕਾਰੀਆਂ, ਮੁੱਖ ਵਿੱਤੀ ਅਧਿਕਾਰੀ (CFO) ਨੇਦ ਸਹਿਗਲ ਅਤੇ ਕਾਨੂੰਨੀ ਮਾਮਲੇ ਅਤੇ ਨੀਤੀ ਮੁਖੀ ਵਿਜੇ ਗਾਡੇ ਨੂੰ ਵੀ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਮਸਕ ਨੇ ਇਨ੍ਹਾਂ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਫ਼ਰਜ਼ੀ ਖਾਤਿਆਂ ਦੀ ਗਿਣਤੀ ਬਾਰੇ ਉਸ ਨੂੰ ਅਤੇ ਟਵਿੱਟਰ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਰਾਗ ਅਗਰਵਾਲ ਅਤੇ ਨੇਦ ਸਹਿਗਲ ਨੇ ਕੰਪਨੀ ਦਾ ਸੈਨ ਫਰਾਂਸਿਸਕੋ ਹੈੱਡਕੁਆਰਟਰ ਛੱਡ ਦਿੱਤਾ ਹੈ। ਐਲਨ ਮਸਕ ਨੇ ਇਹ ਵੀ ਸੰਕੇਤ ਦਿੱਤਾ ਕਿ ਭਵਿੱਖ ਵਿੱਚ ਟਵਿੱਟਰ ਦੀ ਵਿਗਿਆਪਨ ਨੀਤੀ ਨੂੰ ਵੀ ਬਦਲਿਆ ਜਾਵੇਗਾ। ਮਸਕ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਟਵਿੱਟਰ ਸਭ ਤੋਂ ਵਧੀਆ ਵਿਗਿਆਪਨ ਪਲੇਟਫਾਰਮ ਹੋਵੇ ਜਿੱਥੇ ਹਰ ਉਮਰ ਦੇ ਉਪਭੋਗਤਾ ਫਿਲਮਾਂ ਦੇਖ ਸਕਣ ਜਾਂ ਵੀਡੀਓ ਗੇਮਾਂ ਖੇਡ ਸਕਣ।
ਮਸਕ ਦਾ ਕਹਿਣਾ ਹੈ ਕਿ ਉਸ ਨੇ ਟਵਿੱਟਰ ਨਾਲ ਜ਼ਿਆਦਾ ਪੈਸਾ ਕਮਾਉਣ ਲਈ ਨਹੀਂ ਸਗੋਂ ਮਨੁੱਖਤਾ ਦੀ ਮਦਦ ਲਈ ਡੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਅਦਾਲਤ ਨੇ ਮਸਕ ਨੂੰ ਮੌਜੂਦਾ ਸ਼ਰਤਾਂ 'ਤੇ 28 ਅਕਤੂਬਰ ਤੱਕ ਟਵਿੱਟਰ ਡੀਲ ਨੂੰ ਅੰਤਿਮ ਰੂਪ ਦੇਣ ਲਈ ਕਿਹਾ ਹੈ। ਐਲਨ ਮਸਕ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਇਸ ਪਲੇਟਫਾਰਮ ਨਾਲ ਵੀ ਡੀਲ ਕੀਤਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇੱਕ ਸਾਂਝਾ ਡਿਜੀਟਲ ਸਪੇਸ ਮਿਲ ਸਕੇ। ਇੱਥੇ ਬਹੁਤ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਬਿਨਾਂ ਕਿਸੇ ਹਿੰਸਾ ਦੇ ਸਿਹਤਮੰਦ ਚਰਚਾ ਕਰ ਸਕਦੇ ਹਨ।