
ਵਿਦਿਆਰਥੀ ਨੇ ਪੁੱਛਿਆ, "ਕੀ ਤੁਸੀਂ ਆਪਣੇ ਬੇਟੇ ਨਾਲ ਇਸ ਤਰ੍ਹਾਂ ਗੱਲ ਕਰੋਗੇ?"
ਕਰਨਾਟਕ - ਕਰਨਾਟਕ ਦੇ ਉਡੁਪੀ 'ਚ ਮੁਸਲਿਮ ਵਿਦਿਆਰਥੀ ਦੀ ਤੁਲਨਾ ਅੱਤਵਾਦੀ ਨਾਲ ਕਰਨ 'ਤੇ ਕਾਲਜ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਅਧਿਆਪਕ ਨੇ ਵਿਦਿਆਰਥੀ ਤੋਂ ਉਸ ਦਾ ਨਾਂ ਪੁੱਛਿਆ। ਜਦੋਂ ਵਿਦਿਆਰਥੀ ਨੇ ਨਾਂਅ ਦੱਸਿਆ ਤਾਂ ਅਧਿਆਪਕ ਨੇ ਕਿਹਾ- ਉਹ - ਤੂੰ ਕਸਾਬ ਵਰਗਾ ਹੈਂ।
ਅਧਿਆਪਕ ਦੀ ਟਿੱਪਣੀ 'ਤੇ ਵਿਦਿਆਰਥੀ ਨੇ ਜਵਾਬੀ ਹਮਲਾ ਕੀਤਾ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਸ਼ੁੱਕਰਵਾਰ ਨੂੰ ਮਨੀਪਾਲ ਇੰਸਟੀਚਿਊਟ ਆਫ ਟੈਕਨਾਲੋਜੀ 'ਚ ਵਾਪਰੀ। ਇਸ ਦੌਰਾਨ ਬਾਕੀ ਵਿਦਿਆਰਥੀ ਚੁੱਪਚਾਪ ਬੈਠੇ ਦਿਖਾਈ ਦਿੱਤੇ।
ਅਧਿਆਪਕ ਦੀ ਟਿੱਪਣੀ 'ਤੇ ਵਿਦਿਆਰਥੀ ਨੇ ਕਿਹਾ, "26/11 ਕੋਈ ਮਜ਼ਾਕ ਉਡਾਉਣ ਕਰਨ ਵਾਲੀ ਗੱਲ ਨਹੀਂ ਹੈ। ਇਸ ਦੇਸ਼ 'ਚ ਮੁਸਲਮਾਨ ਹੋਣਾ ਅਤੇ ਰੋਜ਼ਾਨਾ ਅਜਿਹੀਆਂ ਗੱਲਾਂ ਸੁਣਨਾ ਕੋਈ ਮਜ਼ਾਕ ਨਹੀਂ ਹੈ। ਤੁਸੀਂ ਮੇਰੇ ਧਰਮ ਦਾ ਮਜ਼ਾਕ ਨਹੀਂ ਉਡਾ ਸਕਦੇ, ਉਹ ਵੀ ਅਜਿਹੇ ਘਟੀਆ ਢੰਗ ਨਾਲ। ਇਹ ਕੋਈ ਮਜ਼ਾਕ ਨਹੀਂ ਹੈ।"
ਇਸ ‘ਤੇ ਵਿਦਿਆਰਥੀ ਨੇ ਪੁੱਛਿਆ, "ਕੀ ਤੁਸੀਂ ਆਪਣੇ ਬੇਟੇ ਨਾਲ ਇਸ ਤਰ੍ਹਾਂ ਗੱਲ ਕਰੋਗੇ? ਕੀ ਤੁਸੀਂ ਉਸ ਨੂੰ ਵੀ ਇਸ ਤਰ੍ਹਾਂ ਅੱਤਵਾਦੀ ਦੇ ਨਾਂਅ ਨਾਲ ਬੁਲਾਓਗੇ?"
ਅਧਿਆਪਕ ਨੇ ਇਸ 'ਤੇ ਨਾਂਹ ਕਰ ਦਿੱਤੀ। ਤਾਂ ਵਿਦਿਆਰਥੀ ਨੇ ਅੱਗੇ ਕਿਹਾ, "ਜੇਕਰ ਤੁਸੀਂ ਆਪਣੇ ਬੇਟੇ ਨੂੰ ਅੱਤਵਾਦੀ ਨਹੀਂ ਕਹਿ ਸਕਦੇ, ਤਾਂ ਮੈਨੂੰ ਕਿਵੇਂ ਕਹਿ ਸਕਦੇ ਹੋ? ਉਹ ਵੀ ਐਨੇ ਲੋਕਾਂ ਦੇ ਸਾਹਮਣੇ? ਤੁਸੀਂ ਪੇਸ਼ੇਵਰ ਤੌਰ 'ਤੇ ਕੰਮ ਕਰਦੇ ਹੋ, ਇੱਕ ਅਧਿਆਪਕ ਹੋ।
ਅਧਿਆਪਕ ਦੇ ਮਾਫੀ ਮੰਗਣ 'ਤੇ ਵਿਦਿਆਰਥੀ ਨੇ ਕਿਹਾ, "ਤੁਹਾਡੇ ਮਾਫ਼ੀ ਨਾਲ ਨਾ ਤਾਂ ਤੁਹਾਡੀ ਸੋਚ ਬਦਲੇਗੀ, ਅਤੇ ਨਾ ਹੀ ਤੁਹਾਡਾ ਤੌਰ ਤਰੀਕਾ।"
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੰਸਥਾ ਨੇ ਅਧਿਆਪਕ ਨੂੰ ਮੁਅੱਤਲ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀ ਦੀ ਕਾਊਂਸਲਿੰਗ ਵੀ ਕਰਵਾਈ ਗਈ। ਅਦਾਰੇ ਨੇ ਬਿਆਨ ਦਿੱਤਾ ਕਿ ਅਸੀਂ ਅਜਿਹੇ ਵਿਉਹਾਰ ਨੂੰ ਮਾਫ਼ ਨਹੀਂ ਕਰਦੇ। ਇਸ ਸੰਸਥਾ ਵਿੱਚ ਅਜਿਹਾ ਇਹ ਇੱਕੋ-ਇੱਕ ਮਾਮਲਾ ਹੈ ਜਿਸ ਨੂੰ ਅਸੀਂ ਆਪਣੀ ਨੀਤੀ ਅਨੁਸਾਰ ਨਜਿੱਠਾਂਗੇ।