
ਕਿਹਾ, ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ’ਚ ‘ਇੰਡੀਆ’ ਤੇ ਬੰਗਾਲ ਵਿਚ ਭਾਜਪਾ ਵਿਰੁਧ ਲੜਾਈ ਦੀ ਅਗਵਾਈ ਟੀਐਮਸੀ ਕਰੇਗੀ
ਕੋਲਕਾਤਾ : ਪੱਛਮੀ ਬੰਗਾਲ ਵਿਚ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਆਈ.-ਐਮ.) ਅਤੇ ਕਾਂਗਰਸ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਮਿਲੀਭੁਗਤ ਦਾ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਟੀਐਮਸੀ ਭਾਜਪਾ ਨੂੰ ਹਰਾਏਗੀ। ਆਗਾਮੀ ਲੋਕ ਸਭਾ ਚੋਣਾਂ ’ਚ ਸੂਬੇ ਵਿਚ ਭਾਜਪਾ ਵਿਰੁਧ ਲੜਾਈ ਦੀ ਅਗਵਾਈ ਕਰੇਗੀ। ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਰਾਜ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਦੇਗੰਗਾ ਵਿਖੇ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ‘ਚੋਰ’ ਦੱਸ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਕ ਅਜਿਹੀ ਪ੍ਰਣਾਲੀ ਬਣ ਗਈ ਹੈ ਜਿੱਥੇ ‘ਕੇਂਦਰੀ ਏਜੰਸੀਆਂ ਦੁਆਰਾ ਲੋਕਤੰਤਰ ਦਾ ਸੰਚਾਲਨ ਕੀਤਾ ਜਾ ਰਿਹਾ ਹੈ।’ ਮਮਤਾ ਨੇ ਕਿਹਾ,“ਸੀਪੀਆਈ(ਐਮ), ਭਾਜਪਾ ਤੇ ਕਾਂਗਰਸ ਨੇ ਪੱਛਮੀ ਬੰਗਾਲ ਵਿਚ ਗਠਜੋੜ ਬਣਾਇਆ ਹੈ ਅਤੇ ਸਾਡੇ ਵਿਰੁਧ ਸਰਗਰਮੀ ਨਾਲ ਪ੍ਰਚਾਰ ਕਰ ਰਹੇ ਹਨ। ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੇਸ਼ ਭਰ ਵਿਚ ਭਾਜਪਾ ਨਾਲ ਭਿੜੇਗਾ ਜਦੋਂ ਕਿ ਟੀਐਮਸੀ ਪੱਛਮੀ ਬੰਗਾਲ ਵਿਚ ਭਾਜਪਾ ਵਿਰੁਧ ਲੜਾਈ ਦੀ ਅਗਵਾਈ ਕਰੇਗੀ।
ਮੁੱਖ ਮੰਤਰੀ ਨੇ ਭਾਜਪਾ ’ਤੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿਚ ਬੰਗਲਾਦੇਸ਼ ਮੂਲ ਦੇ ਲੋਕਾਂ ਦੀ ਵੱਡੀ ਆਬਾਦੀ ਤਕ ਪਹੁੰਚਣ ਦੇ ਉਦੇਸ਼ ਨਾਲ ਸਿਆਸੀ ਲਾਭ ਲਈ ਨਾਗਰਿਕਤਾ ਦੇ ਮੁੱਦੇ ’ਚ ਹੇਰਫੇਰ ਕਰਨ ਦਾ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ,‘‘ਭਾਜਪਾ ਨਾਗਰਿਕਤਾ ਮੁੱਦੇ ਨੂੰ ਅਪਣੇ ਸਿਆਸੀ ਏਜੰਡੇ ਲਈ ਵਰਤ ਰਹੀ ਹੈ। ਭਾਜਪਾ ਇਸ ਮੁੱਦੇ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਨਾਗਰਿਕਤਾ ਨਾਲ ਸਬੰਧਤ ਮਾਮਲਿਆਂ ਦਾ ਫ਼ੈਸਲਾ ਕਰਦੇ ਸਨ, ਪਰ ਹੁਣ ਉਨ੍ਹਾਂ ਤੋਂ ਇਹ ਸ਼ਕਤੀਆਂ ਖੋਹ ਲਈਆਂ ਗਈਆਂ ਹਨ।
ਜੇਕਰ ਲੋਕਾਂ ਕੋਲ ਨਾਗਰਿਕਤਾ ਨਹੀਂ ਹੈ ਤਾਂ ਉਹ ਸਰਕਾਰੀ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਕਿਵੇਂ ਲੈ ਸਕਣਗੇ?’’ ਮਮਤਾ ਬੈਨਰਜੀ ਨੇ ਇਹ ਟਿੱਪਣੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਨਾਗਰਿਕਤਾ ਨੂੰ ਲੈ ਕੇ ਦਿਤੇ ਗਏ ਬਿਆਨ ਦੇ ਜਵਾਬ ’ਚ ਕੀਤੀ ਹੈ। ਅਮਿਤ ਸ਼ਾਹ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਸੀ ਕਿ ਨਾਗਰਿਕਤਾ (ਸੋਧ) ਕਾਨੂੰਨ ਨੂੰ ਲਾਗੂ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਹ ਦੇਸ਼ ਦਾ ਕਾਨੂੰਨ ਹੈ। ਸ਼ਾਹ ਨੇ ਬੈਨਰਜੀ ’ਤੇ ਇਸ ਮੁੱਦੇ ’ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਵੀ ਦੋਸ਼ ਲਗਾਇਆ ਸੀ।