
ਮਨਮੋਹਨ ਸਿੰਘ ਨੂੰ 1987 ’ਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ
ਵੱਡੇ ਅਰਥ ਸ਼ਾਸਤਰੀ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ ਕਈ ਅਹਿਮ ਅਹੁਦਿਆਂ ’ਤੇ ਰਹੇ ਅਤੇ ਉਨ੍ਹਾਂ ਦੇਸ਼ ਦੇ ਆਰਥਕ ਵਿਕਾਸ ਲਈ ਅਹਿਮ ਭੂਮਿਕਾ ਨਿਭਾਈ।
ਡਾ. ਮਨਮੋਹਨ ਸਿੰਘ ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਣ ਹਨ ਕਿ ਕਿਵੇਂ ਇਕ ਵਿਅਕਤੀ ਵੱਖ-ਵੱਖ ਭੂਮਿਕਾਵਾਂ ਵਿਚ ਆਪਣੀ ਠੋਸ ਜ਼ਿੰਮੇਵਾਰੀ ਨਿਭਾ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤਕ ਉਨ੍ਹਾਂ ਨੇ ਹਰ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ। 1991 ਵਿਚ ਜਦੋਂ ਦੇਸ਼ ਆਰਥਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਤਾਂ ਵਿੱਤ ਮੰਤਰੀ ਵਜੋਂ ਉਨ੍ਹਾਂ ਨੇ ਅਜਿਹਾ ਬਜਟ ਪੇਸ਼ ਕੀਤਾ ਜਿਸ ਨੇ ਦੇਸ਼ ਨੂੰ ਉਮੀਦ ਜਗਾਈ। ਉਨ੍ਹਾਂ ਦੇ ਆਰਥਕ ਸੁਧਾਰਾਂ ਤੋਂ ਪੂਰੀ ਦੁਨੀਆਂ ਪ੍ਰਭਾਵਿਤ ਹੋਈ।
Photo
ਮਨਮੋਹਨ ਸਿੰਘ ਆਰਬੀਆਈ ਦੇ ਗਵਰਨਰ, ਵਿੱਤ ਮੰਤਰਾਲੇ ’ਚ ਸਕੱਤਰ, ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ, ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਸਮੇਤ ਕਈ ਅਹਿਮ ਅਹੁਦਿਆਂ ’ਤੇ ਰਹੇ। 1991 ਵਿਚ, ਉਨ੍ਹਾਂ ਨੇ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ ਤੇ 2004 ਤੋਂ 2014 ਤਕ ਲਗਾਤਾਰ 10 ਸਾਲ ਦੇਸ਼ ਦੀ ਪ੍ਰਧਾਨਗੀ ਕੀਤੀ। ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ ’ਚੋਂ ਇਕ ਮੰਨੇ ਜਾਂਦੇ ਡਾ. ਸਿੰਘ ਨੂੰ ਭਾਰਤ ਤੇ ਵਿਸ਼ਵ ਪੱਧਰ ’ਤੇ ਬਹੁਤ ਸਾਰੇ ਵੱਕਾਰੀ ਪੁਰਸਕਾਰ ਤੇ ਸਨਮਾਨ ਮਿਲੇ ਹਨ।
ਡਾ. ਮਨਮੋਹਨ ਸਿੰਘ ਦੇ ਵਿਚਾਰਾਂ ਤੇ ਅਗਾਂਹਵਧੂ ਸੋਚ ਤੋਂ ਸਾਰਾ ਸੰਸਾਰ ਪ੍ਰਭਾਵਿਤ ਸੀ। ਉਨ੍ਹਾਂ ਨੂੰ ਕਈ ਅੰਤਰਰਾਸ਼ਟਰੀ ਸੰਸਥਾਵਾਂ ਵਲੋਂ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਜਾਪਾਨ ਦੇ ਨਿਹੋਨ ਕੀਜ਼ਾਈ ਸ਼ਿਮਬੂਨ ਸਮੇਤ ਕਈ ਹੋਰ ਸੰਸਥਾਵਾਂ ਨੇ ਸਨਮਾਨਤ ਕੀਤਾ। ਡਾ. ਸਿੰਘ ਨੇ ਕੈਂਬਰਿਜ ਤੇ ਆਕਸਫ਼ੋਰਡ ਸਮੇਤ ਕਈ ਯੂਨੀਵਰਸਿਟੀਆਂ ਤੋਂ ਆਨਰੇਰੀ ਡਿਗਰੀਆਂ ਵੀ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਨੇ ਕਈ ਅੰਤਰਰਾਸ਼ਟਰੀ ਕਾਨਫ਼ਰੰਸਾਂ ਤੇ ਸੰਸਥਾਵਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ।
ਮਨਮੋਹਨ ਸਿੰਘ ਨੂੰ 1987 ’ਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ ਤੇ 1995 ’ਚ ਉਨ੍ਹਾਂ ਨੂੰ ਭਾਰਤੀ ਵਿਗਿਆਨ ਕਾਂਗਰਸ ਦਾ ਜਵਾਹਰ ਲਾਲ ਨਹਿਰੂ ਜਨਮ ਸ਼ਤਾਬਦੀ ਪੁਰਸਕਾਰ ਮਿਲਿਆ, ਉਨ੍ਹਾਂ ਨੂੰ 2002 ’ਚ ਸ਼ਾਨਦਾਰ ਸੰਸਦੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ, 1993-1994 ’ਚ ਸਾਲ ਦੇ ਵਿੱਤ ਮੰਤਰੀ ਲਈ ਏਸ਼ੀਆ ਮਨੀ ਐਵਾਰਡ, ਸਾਲ ਦੇ ਵਿੱਤ ਮੰਤਰੀ ਲਈ ਯੂਰੋ ਮਨੀ ਐਵਾਰਡ, ਕੈਂਮਬ੍ਰਿਜ ਯੂਨੀਵਰਸਿਟੀ ਦਾ ਐਡਮ ਸਮਿਥ ਇਨਾਮ (1956), ਸੇਂਟ ਜੌਹਨ ਕਾਲਜ, ਕੈਮਬ੍ਰਿਜ (1955) ’ਚ ਸ਼ਾਨਦਾਰ ਪ੍ਰਦਰਸ਼ਨ ਲਈ ਰਾਈਟਸ ਇਨਾਮ, ਸਾਊਦੀ ਅਰਬ ਦਾ ਦੂਜਾ ਸਰਵਉਚ ਨਾਗਰਿਕ ਸਨਮਾਨ, ਆਰਡਰ ਆਫ਼ ਕਿੰਗ ਅਬਦੁਲਅਜ਼ੀਜ਼ (2010), ਜਾਪਾਨ ਦਾ ਦੂਜਾ ਸਭ ਤੋਂ ਉੱਚਾ ਨਾਗਰਿਕ ਸਨਮਾਨ, ਆਰਡਰ ਆਫ਼ ਦਿ ਪੌਲੋਨੀਆ ਫ਼ਲਾਵਰਜ਼ (2014), ਖੇਤਰੀ ਵਿਕਾਸ ਲਈ ਨਿੱਕੇਈ ਏਸ਼ੀਆ ਐਵਾਰਡ (1997) ਅਤੇ ਵਰਲਡ ਸਟੇਟਸਮੈਨ ਐਵਾਰਡ (2010) ਵਿਚ ਮਿਲਿਆ ਸੀ।