
ਗਡਕਰੀ ਦੀ ਟਿਪਣੀ ਭਾਜਪਾ ਅੰਦਰ ਉਠ ਰਹੀ ਆਵਾਜ਼ ਦਾ ਪ੍ਰਦਰਸ਼ਨ ਕਰਦੀ ਹੈ : ਐਨ.ਸੀ.ਪੀ.....
ਨਵੀਂ ਦਿੱਲੀ/ਮੁੰਬਈ : 'ਅਪਣੇ ਵਾਅਦਿਆਂ ਨੂੰ ਪੂਰਾ ਨਾ ਕਰਨ ਵਾਲੇ ਆਗੂਆਂ ਦੀ ਜਨਤਾ ਵਲੋਂ ਕੁੱਟਮਾਰ ਕੀਤੇ ਜਾਣ' ਬਾਬਤ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਬਿਆਨ ਨੂੰ ਲੈ ਕੇ ਕਾਂਗਰਸ ਨੇ ਸੋਮਵਾਰ ਨੂੰ ਟਿਪਣੀ ਕਰਦਿਆਂ ਕਿਹਾ ਕਿ ਗਡਕਰੀ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਕਹਿਣਾ ਹੈ ਕਿ ਸਾਬਕਾ ਪਾਰਟੀ ਪ੍ਰਧਾਨ ਨੇ ਇਸ ਟਿਪਣੀ ਨਾਲ ਵਿਰੋਧੀ ਪਾਰਟੀ ਨੂੰ ਹੀ ਉਜਾਗਰ ਕੀਤਾ ਹੈ।
ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਕਿਹਾ, ''ਗਡਕਰੀ ਜੀ ਦੇ ਬਿਆਨ 'ਤੇ ਮੈਂ ਇਕ ਹਿੰਦੀ ਦੀ ਕਹਾਵਤ ਕਹਿਣਾ ਚਾਹੁੰਦਾ ਹਾਂ 'ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ।' ਉਨ੍ਹਾਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਹਨ ਅਤੇ ਨਿਸ਼ਾਨੇ 'ਤੇ ਪ੍ਰਧਾਨ ਮੰਤਰੀ ਹਨ।'' ਉਨ੍ਹਾਂ ਕਿਹਾ ਕਿ ਗਡਕਰੀ ਨੇ ਕੁੱਝ ਸਮਾਂ ਪਹਿਲਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਸੀ ਕਿ ਉਹ ਸੱਤਾ 'ਚ ਆਉਣਗੇ ਅਤੇ ਜੋ ਮਨ 'ਚ ਆਇਆ ਉਹ ਵਾਅਦੇ ਕਰ ਦਿਤੇ ਗਏ। ਉਨ੍ਹਾਂ ਦੇ ਪਹਿਲੇ ਬਿਆਨ ਅਤੇ ਇਸ ਬਿਆਨ 'ਚ ਤਾਲਮੇਲ ਬਿਠਾਈਏ ਤਾਂ ਪਤਾ ਲੱਗੇਗਾ ਕਿ ਉਹ ਕੀ ਕਹਿਣਾ ਚਾਹੁੰਦੇ ਹਨ।''
ਹਾਲਾਂਕਿ ਸੱਤਾਧਾਰੀ ਭਾਜਪਾ ਨੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਗਡਕਰੀ ਕਾਂਗਰਸ 'ਤੇ ਨਿਸ਼ਾਨਾ ਲਾ ਰਹੇ ਸਨ ਅਤੇ ਇਸ ਗੱਲ ਦਾ ਪ੍ਰਗਟਾਵਾ ਕਰ ਰਹੇ ਸਨ ਕਿ ਵਿਰੋਧੀ ਪਾਰਟੀ ਨੇ ਕਿਸ ਤਰ੍ਹਾਂ ਦੇਸ਼ ਨੂੰ ਨੁਕਸਾਨ ਪਹੁੰਚਾਇਆ। ਜ਼ਿਕਰਯੋਗ ਹੈ ਕਿ ਸੜਕ ਆਵਾਜਾਈ ਮੰਤਰੀ ਗਡਕਰੀ ਨੇ ਐਤਵਾਰ ਨੂੰ ਕਿਹਾ ਸੀ ਕਿ ਜੋ ਆਗੂ ਲੋਕਾਂ ਨੂੰ ਸੁਪਨੇ ਵੇਚਦੇ ਹਨ ਪਰ ਉਨ੍ਹਾਂ ਨੂੰ ਪੂਰਾ ਨਹੀਂ ਕਰਦੇ ਉਨ੍ਹਾਂ ਦੀ ਜਨਤਾ ਕੁੱਟਮਾਰ ਵੀ ਕਰ ਦਿੰਦੀ ਹੈ।
ਗਡਕਰੀ ਦੇ ਬਿਆਨ 'ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਨੇ ਵੀ ਕਿਹਾ ਹੈ ਕਿ ਕੇਂਦਰੀ ਮੰਤਰੀ ਦੀ ਇਹ ਟਿਪਣੀ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦੀ 'ਨਾਕਾਮੀ' ਵਿਰੁਧ 'ਭਾਜਪਾ ਅੰਦਰ ਉੱਠ ਰਹੀ ਆਵਾਜ਼' ਨੂੰ ਪ੍ਰਦਰਸ਼ਿਤ ਕਰਦੀ ਹੈ। ਐਨ.ਸੀ.ਪੀ. ਦੇ ਬੁਲਾਰੇ ਨਵਾਬ ਮਲਿਕ ਨੇ ਵੀ ਕਿਹਾ ਕਿ ਗਡਕਰੀ ਖ਼ੁਦ ਨੂੰ 'ਮੋਦੀ ਦੇ ਬਦਲ' ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਹਾਰਨ ਜਾ ਰਹੀ ਹੈ। (ਪੀਟੀਆਈ)