
ਗੇਟਰ ਨੋਇਡਾ ਵਿਚ ਯਮੁਨਾ ਐਕਸਪ੍ਰੈਸ–ਵੇਅ 'ਤੇ ਵਾਪਰਿਆ ਹਾਦਸਾ...
ਨੋਇਡਾ/ਲਖਨਊ : ਗ੍ਰੇਟਰ ਨੋਇਡਾ ਵਿਚ ਯਮੁਨਾ ਐਕਸਪ੍ਰੈਸਵੇ 'ਤੇ ਸ਼ੁਕਰਵਾਰ ਤੜਕੇ ਇਕ ਨਿਜੀ ਬੱਸ ਨੇ ਇਕ ਟੈਂਕਰ ਨੂੰ ਟੱਕਰ ਮਾਰ ਦਿਤੀ ਜਿਸ ਵਿਚ ਇਕ ਨਾਬਾਲਗ਼ ਅਤੇ ਦੋ ਔਰਤਾਂ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਬੱਸ ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਤੋਂ ਦਿੱਲੀ ਜਾ ਰਹੀ ਸੀ। ਇਹ ਹਾਦਸਾ ਰਬੂਪੁਰਾ ਥਾਣੇ ਅਧੀਨ ਤੜਕੇ ਪੰਜ ਵਜੇ ਹੋਇਆ।
ਇਸ ਹਾਦਸੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਦੁੱਖ ਪ੍ਰਗਟ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਬੀ.ਐਨ.ਸਿੰਘ ਅਤੇ ਪੁਲਿਸ ਮੁਖੀ ਵੈਭਵ ਕ੍ਰਿਸ਼ਨ ਸਣੇ ਗੌਤਮ ਬੁੱਧ ਨਗਰ ਦੇ ਸੀਨੀਅਰ ਅਧਿਕਾਰੀ ਜ਼ਖ਼ਮੀਆਂ ਨੂੰ ਮਿਲਣ ਹਸਪਤਾਲ ਗਏ। ਯੋਗੀ ਨੇ ਹਾਦਸੇ 'ਤੇ ਦੁਖ਼ ਪ੍ਰਗਟ ਕਰਦਿਆਂ ਟਵੀਟ ਕੀਤਾ, ''ਅੱਜ ਗ੍ਰੇਟਰ ਨੋਇਡਾ ਵਿਚ ਬੱਸ ਹਾਸਦੇ ਵਿਚ ਅੱਠ ਲੋਕਾਂ ਦੀ ਮੌਤ 'ਤੇ ਮੈਨੂੰ ਬੇਹਦ ਦੁਖ਼ ਪਹੁੰਚਿਆ ਹੈ, ਵਿਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਪਰਵਾਰਾਂ ਨੂੰ ਸੰਭਲਣ ਦੀ ਹਿੰਮਤ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ।''
Bus Accident
ਜੇਵਰ ਦੇ ਪੁਲਿਸ ਅਧਿਕਾਰੀ ਸ਼ਰਤ ਚੰਦਰ ਸ਼ਰਮਾ ਨੇ ਹਾਦਸੇ ਵਿਚ ਮਾਰੇ ਗਏ ਅਤੇ ਜ਼ਖ਼ਮੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਨੂੰ ਜੇਵਰ ਵਿਚ ਨੇੜੇ ਦੇ ਕੈਲਾਸ਼ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਤੇਜ਼ ਰਫ਼ਤਾਰ ਨਾਲ ਆ ਰਹੀ ਬੱਸ ਇਕ ਟੈਂਕਰ ਨਾਲ ਟਕਰਾਈ ਜਿਸ ਕਾਰਨ ਹਾਦਸਾ ਹੋਇਆ। ਉਨ੍ਹਾਂ ਦਸਿਆ ਕਿ ਹਾਦਸੇ ਦੇ ਪੁਖ਼ਤਾ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ। ਅਜਿਹਾ ਲਗਦਾ ਹੈ ਕਿ ਬੱਸ ਡਰਾਈਵਰ ਨੀਂਦ ਵਿਚ ਸੀ। ਟੈਂਕਰ ਹੌਲੀ ਚਲ ਰਿਹਾ ਸੀ, ਤੇਜ਼ ਰਫ਼ਤਾਰ ਨਾਲ ਚਲ ਰਹੀ ਬੱਸ ਅੱਗੇ ਨਹੀਂ ਨਿਕਲ ਸਕੀ ਅਤੇ ਟੱਕਰ ਹੋ ਗਈ।
ਮ੍ਰਿਤਕਾਂ ਦੀ ਪਹਿਚਾਣ ਬਸ ਡਰਾਈਵਰ ਮਹੇਸ਼ ਕੁਮਾਰ (48), ਖਲਾਸੀ ਬੰਦੂ (25), ਵਿਨੀਤਾ (32), ਅਰੁਣ (42), ਅਸਦ (12), ਸੁਮਨ (35) ਅਤੇ ਵਿਸ਼ਵਨਾਥ ਤਿਵਾਰੀ (75) ਦੇ ਰੂਪ ਵਿਚ ਹੋਈ ਹੈ। ਇਸ ਤੋਂ ਇਲਾਵਾ ਇਕ ਮ੍ਰਿਤਕ ਦੀ ਪਹਿਚਾਣ ਅਜੇ ਤਕ ਨਹੀਂ ਹੋ ਸਕੀ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਇਸ ਹਾਦਸੇ 'ਤੇ ਦੁਖ਼ ਦਾ ਪ੍ਰਗਟਾਵਾ ਕੀਤਾ ਹੈ ਅਤੇ ਸੂਬਾ ਸਰਕਾਰ ਨੂੰ ਜ਼ਖ਼ਮੀਆਂ ਅਤੇ ਮ੍ਰਿਤਕਾਂ ਦੇ ਪ੍ਰਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। (ਪੀਟੀਆਈ)