
ਅੱਗ ਲੱਗਣ ਕਾਰਨ 4 ਲੋਕਾਂ ਦੀ ਹੋਈ ਮੌਤ, ਦੋ ਗੰਭੀਰ ਜ਼ਖ਼ਮੀ
ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਮਾਈਲ ਸਟੋਨ 77 ਨੇੜੇ ਉਸ ਸਮੇਂ ਚੀਕ ਚਿਹਾੜਾ ਮਚ ਗਿਆ ਜਦੋਂ ਦਿੱਲੀ ਦੇ ਆਨੰਦ ਵਿਹਾਰ ਤੋਂ ਲਖਨਊ ਦੇ ਆਲਮਬਾਗ਼ ਜਾ ਰਹੀ ਇਕ ਰੋਡਵੇਜ਼ ਬੱਸ ਵਿਚ ਭਿਆਨਕ ਅੱਗ ਲੱਗ ਗਈ ਅਤੇ ਚਾਰ ਲੋਕ ਜਿੰਦਾ ਸੜ ਗਏ। ਅੱਗ ਲੱਗਣ ਤੋਂ ਬਾਅਦ ਬੱਸ ਇਕ ਡਿਵਾਈਡਰ ਨਾਲ ਟਕਰਾ ਗਈ। ਘਟਨਾ ਦੇਰ ਰਾਤ ਕਰੀਬ ਦੋ ਵਜੇ ਦੀ ਹੈ, ਜਦੋਂ ਤਕ ਬੱਸ ਵਿਚ ਸਵਾਰ ਯਾਤਰੀ ਬੱਸ ਵਿਚੋਂ ਉਤਰ ਪਾਉਂਦੇ, ਉਦੋਂ ਤਕ ਇਕ ਬੱਚਾ, ਇਕ ਔਰਤ ਸਮੇਤ 4 ਯਾਤਰੀ ਜਿੰਦਾ ਸੜ ਚੁੱਕੇ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹੇ ਦੇ ਉਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ।
ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤਕ ਸਾਰੀ ਬੱਸ ਸੜ ਕੇ ਸੁਆਹ ਹੋ ਚੁੱਕੀ ਸੀ। ਬੱਸ ਵਿਚ ਕਿੰਨੇ ਯਾਤਰੀ ਸਵਾਰ ਸਨ, ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ। ਸੀਓ ਸਿਟੀ ਦਾ ਕਹਿਣਾ ਹੈ ਕਿ ਬੱਸ ਅੰਦਰ ਤੋਂ ਪੂਰੀ ਤਰ੍ਹਾਂ ਬੰਦ ਸੀ। ਜਿਸ ਨੂੰ ਕੱਟਣ ਲਈ ਕਟਰ ਮੰਗਵਾਏ ਗਏ। ਇਸ ਦੌਰਾਨ ਦੋ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹਾਲਾਂਕਿ ਅੱਗ ਸ਼ਾਰਟ ਸਰਕਟ ਨਾਲ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਅੱਗ ਕਿਵੇਂ ਲੱਗੀ?