
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਨੇ ਲੜਕੀ ਨੂੰ ਬਲਾਤਕਾਰ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦਿੱਤੀ।
ਜੈਪੁਰ: ਰਾਜਸਥਾਨ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਹ ਮਾਮਲਾ ਦੌਸਾ ਜ਼ਿਲ੍ਹੇ ਦਾ ਹੈ। ਗੈਂਗਰੇਪ ਦੇ ਮਾਮਲੇ 'ਚ ਸੱਤਾਧਾਰੀ ਪਾਰਟੀ ਦੇ ਵਿਧਾਇਕ ਦਾ ਪੁੱਤਰ ਸ਼ੱਕ ਦੇ ਘੇਰੇ 'ਚ ਹੈ। ਇਸ ਮੁੱਦੇ 'ਤੇ ਸੱਤਾਧਾਰੀ ਕਾਂਗਰਸ ਅਤੇ ਭਾਜਪਾ ਵਿਚਾਲੇ ਸਿਆਸੀ ਜੰਗ ਵੀ ਤੇਜ਼ ਹੋ ਗਈ ਹੈ। ਮਾਮਲੇ ਵਿਚ ਮੁਲਜ਼ਮ ਕਾਂਗਰਸੀ ਵਿਧਾਇਕ ਜੌਹਰੀਲਾਲ ਮੀਨਾ ਦਾ ਬੇਟਾ ਦੀਪਕ ਹੈ। ਦੌਸਾ ਪੁਲਿਸ ਨੇ ਦੀਪਕ ਸਮੇਤ ਕੁੱਲ 5 ਲੋਕਾਂ ਖਿਲਾਫ਼ ਸਮੂਹਿਕ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ।
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਬਲਾਤਕਾਰ ਪੀੜਤਾ ਨੇ ਦਾਅਵਾ ਕੀਤਾ ਕਿ ਵਿਵੇਕ ਨਾਮ ਦੇ ਇਕ ਲੜਕੇ ਨੇ ਉਸ ਨੂੰ ਕਾਂਗਰਸੀ ਵਿਧਾਇਕ ਦੇ ਬੇਟੇ ਨਾਲ ਮਿਲਵਾਇਆ ਸੀ। ਪੀੜਤਾ ਨੇ ਕਿਹਾ, “ ਮੈਨੂੰ ਵਿਵੇਕ ਬਾਰੇ ਫੇਸਬੁੱਕ ਜ਼ਰੀਏ ਪਤਾ ਚੱਲਿਆ। ਉਹ ਮੇਰੇ ਸਕੂਲ ਵਿਚ ਪੜ੍ਹਦੀ ਇਕ ਲੜਕੀ ਦਾ ਭਰਾ ਹੈ। ਉਸ ਨੇ ਮੈਨੂੰ ਦੀਪਕ ਮੀਨਾ (ਵਿਧਾਇਕ ਜੌਹਰੀਲਾਲ ਮੀਣਾ ਦਾ ਮੀਨਾ) ਨਾਲ ਮਿਲਵਾਇਆ। ਆਰੋਪੀ ਮੈਨੂੰ ਉਸ ਹੋਟਲ ਵਿਚ ਲੈ ਗਿਆ, ਜਿੱਥੇ ਵਾਰਦਾਤ ਹੋਈ ਸੀ। ਆਰੋਪੀ ਨੇ ਹੋਟਲ ਵਿਚ ਮੇਰਾ ਵੀਡੀਓ ਬਣਾਇਆ ਅਤੇ ਉਸ ਤੋਂ ਬਾਅਦ ਮੈਨੂੰ ਬਲੈਕਮੇਲ ਕੀਤਾ”।
ਪੀੜਤ ਲੜਕੀ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਉਹ ਮੇਰੇ ਨਾਲ ਅਜਿਹਾ ਕਰ ਸਕਦਾ ਹੈ ਤਾਂ ਕਿਸੇ ਨਾਲ ਵੀ ਅਜਿਹਾ ਕਰ ਸਕਦਾ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਨੇ ਲੜਕੀ ਨੂੰ ਬਲਾਤਕਾਰ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦਿੱਤੀ। ਇੰਨਾ ਹੀ ਨਹੀਂ ਪੀੜਤ ਨੂੰ 15 ਲੱਖ ਰੁਪਏ ਦੇਣ ਲਈ ਵੀ ਕਿਹਾ ਗਿਆ।
ਪੀੜਤਾ ਦੇ ਪਿਤਾ ਨੇ ਦੱਸਿਆ ਕਿ ਇਸ ਮਾਮਲੇ ਦੇ ਦੋਸ਼ੀ ਵਿਵੇਕ ਸ਼ਰਮਾ ਨੇ ਪਹਿਲਾਂ ਵੀ ਉਸ ਦੀ ਨਾਬਾਲਗ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਅਲਵਰ ਦੇ ਰੇਨੀ ਥਾਣੇ 'ਚ ਵਿਵੇਕ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਵਿਵੇਕ ਨੇ ਉਹਨਾਂ ਦੀ ਧੀ ਦੇ ਵਿਆਹ ਲਈ ਜਮ੍ਹਾਂ ਕੀਤੇ ਗਏ 15 ਲੱਖ ਰੁਪਏ ਅਤੇ ਗਹਿਣੇ ਉਹਨਾਂ ਦੀ ਛੋਟੀ ਧੀ (ਪੀੜਤ) ਜ਼ਰੀਏ ਚੋਰੀ ਕਰਵਾਏ ਸਨ। ਉਦੋਂ ਵੀ ਵਿਵੇਕ ਉਸ 'ਤੇ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਵਾਇਰਲ ਕਰਨ ਦੀ ਧਮਕੀ ਦੇ ਦਬਾਅ ਬਣਾ ਰਿਹਾ ਸੀ।
ਪੁਲਿਸ ਮੁਤਾਬਕ ਵਿਧਾਇਕ ਦੇ ਬੇਟੇ ਅਤੇ ਉਸ ਦੇ ਨਾਲ ਦੇ ਚਾਰ ਨੌਜਵਾਨਾਂ ਨੇ ਨਾਬਾਲਗ ਨੂੰ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ। ਇਸ ਤੋਂ ਇਲਾਵਾ ਪੀੜਤ ਕੋਲੋਂ 15 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਵੀ ਖੋਹ ਲਈ ਗਈ ਹੈ। ਇਸ ਦੇ ਨਾਲ ਹੀ ਗੈਂਗਰੇਪ ਮਾਮਲੇ 'ਚ ਨਾਮ ਆਉਣ ਤੋਂ ਬਾਅਦ ਰਾਜਗੜ੍ਹ ਲਕਸ਼ਮਣਗੜ੍ਹ ਤੋਂ ਕਾਂਗਰਸੀ ਵਿਧਾਇਕ ਜੌਹਰੀਲਾਲ ਮੀਨਾ ਨੂੰ ਬੇਟੇ ਲਈ ਸਪੱਸ਼ਟੀਕਰਨ ਦੇਣ ਲਈ ਅੱਗੇ ਆਉਣਾ ਪਿਆ ਹੈ। ਉਹਨਾਂ ਨੇ ਪੂਰੇ ਮਾਮਲੇ ਨੂੰ ਬੇਬੁਨਿਆਦ ਦੱਸਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਇਸ ਮਾਮਲੇ 'ਚ ਪ੍ਰਿਯੰਕਾ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਨੇਤਾਵਾਂ ਨੇ ਪ੍ਰਿਅੰਕਾ ਨੂੰ ਸਵਾਲ ਕੀਤਾ ਹੈ ਕਿ ਜਦੋਂ ਦੂਜੇ ਸੂਬਿਆਂ 'ਚ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਉਹ ਪੀੜਤਾ ਦੇ ਘਰ ਜਾਂਦੇ ਹਨ ਪਰ ਜੇਕਰ ਰਾਜਸਥਾਨ 'ਚ ਅਜਿਹਾ ਹੋਇਆ ਹੈ ਤਾਂ ਉਹ ਲਾਪਤਾ ਹਨ।
ਭਾਜਪਾ ਆਗੂ ਜਤਿੰਦਰ ਗੋਥਵਾਲ ਨੇ ਕਿਹਾ ਕਿ ਉਹਨਾਂ ਨੇ ਪ੍ਰਿਯੰਕਾ ਗਾਂਧੀ ਦੇ ਦਿੱਲੀ ਤੋਂ ਰਾਜਸਥਾਨ ਆਉਣ ਲਈ ਰੇਲਵੇ ਟਿਕਟ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਉਹ ਖ਼ੁਦ ਦੇਖ ਸਕਣ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਕਿਵੇਂ ਦੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਹਨਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਸੂਬੇ ਵਿਚ ਆਉਣ ਲਈ ਚਾਰਟਰਡ ਫਲਾਈਟ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਤਾਂ ਜੋ ਉਹ ਰਾਜ ਵਿਚ ਅਮਨ-ਕਾਨੂੰਨ ਦੀ ਸਥਿਤੀ ਲਈ ਚੁੱਕੇ ਗਏ ਕਦਮ ਦੇਖ ਸਕਣ।