
ਹਰਿਆਣਾ ਦੇ ਸਾਬਕਾ ਮੰਤਰੀ ਅਜੈ ਯਾਦਵ ਨੇ ਕਿਹਾ, ‘‘ਸਾਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ’’
ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਮੰਤਰੀ ਅਜੇ ਸਿੰਘ ਯਾਦਵ ਨੇ ਅਪਣੀ ਵੱਡੀ ਭੈਣ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨਿਰਮਲ ਯਾਦਵ ਨੂੰ 2008 ਦੇ ‘ਕੈਸ਼ ਐਟ ਜਸਟਿਸ ਡੋਰ’ ਮਾਮਲੇ ’ਚ ਬਰੀ ਕਰਨ ਦੇ ਸੀ.ਬੀ.ਆਈ. ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ, ‘‘17 ਸਾਲ ਪੁਰਾਣੇ ਇਕ ਮਾਮਲੇ ’ਚ ਮੇਰੀ ਵੱਡੀ ਭੈਣ ਜਸਟਿਸ ਨਿਰਮਲ ਯਾਦਵ ਜੀ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਬਰੀ ਕਰ ਦਿਤਾ ਹੈ। ਸਾਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਮੇਰੀ ਭੈਣ ਸੈਸ਼ਨ ਜੱਜ ਤੋਂ ਹਾਈ ਕੋਰਟ ਤਕ ਪਹੁੰਚੀ ਅਤੇ ਜੇਕਰ ਇਸ ਝੂਠੇ ਕੇਸ ਦੀ ਪੈਰਵੀ ਨਾ ਕੀਤੀ ਜਾਂਦੀ ਤਾਂ ਉਹ ਸੁਪਰੀਮ ਕੋਰਟ ਦੀ ਜੱਜ ਵੀ ਬਣ ਜਾਂਦੀ। ਪਰ ਉਸ ਨੂੰ ਤਰੱਕੀ ਨਹੀਂ ਮਿਲ ਸਕੀ ਅਤੇ ਉਹ ਅਪਣੇ ਅਧਿਕਾਰਾਂ ਤੋਂ ਵਾਂਝੀ ਰਹਿ ਗਈ।’’
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਜਸਟਿਸ ਯਾਦਵ (ਸੇਵਾਮੁਕਤ) ਅਤੇ ਚਾਰ ਹੋਰਾਂ ਨੂੰ ਇਸ ਮਾਮਲੇ ’ਚ ਬਰੀ ਕਰ ਦਿਤਾ ਹੈ। ਇਸ ਸਨਸਨੀਖੇਜ਼ ਮਾਮਲੇ ’ਚ 13 ਅਗੱਸਤ 2008 ਨੂੰ ਹਾਈ ਕੋਰਟ ਦੀ ਇਕ ਹੋਰ ਜੱਜ ਨਿਰਮਲਜੀਤ ਕੌਰ ਦੀ ਰਿਹਾਇਸ਼ ’ਤੇ 15 ਲੱਖ ਰੁਪਏ ਦਾ ਪੈਕੇਟ ਗਲਤ ਤਰੀਕੇ ਨਾਲ ਪਹੁੰਚਾਇਆ ਗਿਆ ਸੀ। ਇਹ ਦੋਸ਼ ਲਾਇਆ ਗਿਆ ਸੀ ਕਿ ਨਕਦੀ ਜਸਟਿਸ ਯਾਦਵ ਲਈ ਜਾਇਦਾਦ ਸੌਦੇ ਨੂੰ ਪ੍ਰਭਾਵਤ ਕਰਨ ਲਈ ਰਿਸ਼ਵਤ ਵਜੋਂ ਸੀ।
ਇਸ ਮਾਮਲੇ ਦੀ ਸੂਚਨਾ ਚੰਡੀਗੜ੍ਹ ਪੁਲਿਸ ਨੂੰ ਦਿਤੀ ਗਈ, ਜਿਸ ਤੋਂ ਬਾਅਦ ਐਫ.ਆਈ.ਆਰ. ਦਰਜ ਕੀਤੀ ਗਈ। ਬਾਅਦ ਵਿਚ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਸੌਂਪ ਦਿਤਾ ਗਿਆ ਸੀ। ਬਰੀ ਕੀਤੇ ਜਾਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਜਸਟਿਸ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ।
ਬਚਾਅ ਪੱਖ ਦੇ ਵਕੀਲ ਵਿਸ਼ਾਲ ਗਰਗ ਨਰਵਾਣਾ ਨੇ ਕਿਹਾ ਕਿ ਵਿਸ਼ੇਸ਼ ਸੀ.ਬੀ.ਆਈ. ਜੱਜ ਅਲਕਾ ਮਲਿਕ ਦੀ ਅਦਾਲਤ ਨੇ ਸਨਿਚਰਵਾਰ ਨੂੰ ਜਸਟਿਸ ਯਾਦਵ ਅਤੇ ਚਾਰ ਹੋਰਾਂ ਨੂੰ ਬਰੀ ਕਰ ਦਿਤਾ। ਇਸ ਮਾਮਲੇ ਵਿਚ ਪੰਜ ਦੋਸ਼ੀ ਸਨ, ਜਿਨ੍ਹਾਂ ਵਿਚੋਂ ਇਕ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ।