
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਸੱਤਾ 'ਤੇ ਚਾਰ ਸਾਲ ਰਾਜ ਕਰਨ ਤੋਂ ਬਾਅਦ ਅਪਣੇ ਕਾਰਜਕਾਲ ਦੇ ਆਖ਼ਰੀ ਸਾਲ ਵਿਚ ਆਖ਼ਰਕਾਰ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਸੱਤਾ 'ਤੇ ਚਾਰ ਸਾਲ ਰਾਜ ਕਰਨ ਤੋਂ ਬਾਅਦ ਅਪਣੇ ਕਾਰਜਕਾਲ ਦੇ ਆਖ਼ਰੀ ਸਾਲ ਵਿਚ ਆਖ਼ਰਕਾਰ ਮੁਸਲਮਾਨਾਂ ਦੀ ਯਾਦ ਆ ਹੀ ਗਈ। ਉਨ੍ਹਾਂ ਅੱਜ 43ਵੀਂ ਵਾਰ 'ਮਨ ਕੀ ਬਾਤ' ਕਰਦਿਆਂ ਮੁਸਲਮਾਨਾਂ ਦੇ ਆਖ਼ਰੀ ਨਬੀ ਮੁਹੰਮਦ ਸਾਹਿਬ ਦੀਆਂ ਸਿਖਿਆਵਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਮੁਹੰਮਦ ਸਾਹਿਬ ਕਿਹਾ ਕਰਦੇ ਸਨ ਕਿ ਹੰਕਾਰ ਗਿਆਨ ਨੂੰ ਖਾ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕੁੱਝ ਦਿਨਾਂ ਬਾਅਦ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਵਾਲਾ ਹੈ। ਪੂਰੀ ਦੁਨੀਆਂ ਦੇ ਲੋਕ ਇਸ ਮਹੀਨੇ ਵਿਚ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਂਦੇ ਹਨ।
man ki baat narender modi
ਉਨ੍ਹਾਂ ਕਿਹਾ ਕਿ ਪੈਗ਼ੰਬਰ ਮੁਹੰਮਦ ਸਾਹਿਬ ਦੀ ਸਿੱਖਿਆ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਯਾਦ ਕਰਨ ਦਾ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ, ਜਿਨ੍ਹਾਂ ਨੇ ਅਪਣੇ ਜੀਵਨ ਵਿਚ ਸਮਾਨਤਾ ਤੇ ਭਾਈਚਾਰੇ ਦੇ ਮਾਰਗ 'ਤੇ ਚੱਲਣ ਦਾ ਸਾਰਿਆਂ ਨੂੰ ਸੰਦੇਸ਼ ਦਿਤਾ ਸੀ ਅਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਸਮਾਜ ਲਈ ਸਮਾਨਤਾ ਅਤੇ ਭਾਈਚਾਰਾ ਬਣਾਈ ਰੱਖੀਏ।
man ki baat narender modi
ਇੱਥੇ ਪ੍ਰਧਾਨ ਮੰਤਰੀ ਨੇ ਹਜ਼ਰਤ ਸਾਹਿਬ ਦੇ ਜੀਵਨ ਦੀ ਇਕ ਘਟਨਾ ਸੁਣਾਉਂਦਿਆਂ ਕਿਹਾ ਕਿ ਇਕ ਵਾਰ ਇਕ ਵਿਅਕਤੀ ਨੇ ਉਨ੍ਹਾਂ ਨੂੰ ਪੁਛਿਆ ਕਿ ਇਸਲਾਮ ਵਿਚ ਸਭ ਤੋਂ ਵਧੀਆ ਕੰਮ ਕਿਹੜਾ ਹੈ ਤਾਂ ਪੈਗੰਬਰ ਸਾਹਿਬ ਨੇ ਕਿਹਾ ਕਿ ਕਿਸੇ ਗ਼ਰੀਬ ਅਤੇ ਜ਼ਰੂਰਤਮੰਦ ਨੂੰ ਖਾਣਾ ਖਵਾਉਣਾ, ਹਰੇਕ ਨੂੰ ਝੁਕ ਕੇ ਮਿਲਣਾ ਹੀ ਇਸਲਾਮ ਵਿਚ ਸਭ ਤੋਂ ਵਧੀਆ ਕੰਮ ਮੰਨਿਆ ਜਾਂਦਾ ਹੈ।
man ki baat narender modi
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਹੰਮਦ ਸਾਹਿਬ ਗਿਆਨ ਅਤੇ ਦਿਆਲਤਾ ਵਿਚ ਵਿਸ਼ਵਾਸ ਰੱਖਦੇ ਸਨ, ਇਸ ਲਈ ਉਹ ਕਿਹਾ ਕਰਦੇ ਸਨ ਕਿ ਹੰਕਾਰ ਗਿਆਨ ਨੂੰ ਖਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੈਗ਼ੰਬਰ ਸਾਹਿਬ ਦੀਆਂ ਸਿਖਿਆਵਾਂ 'ਤੇ ਪਹਿਰਾ ਦਿੰਦਿਆਂ ਸਮਾਜ ਨੂੰ ਵਧੀਆ ਬਣਾਉਣਾ ਚਾਹੀਦਾ ਹੈ।
man ki baat narender modi
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਵਿਚ ਹੋਈਆਂ ਰਾਸ਼ਟਰ ਮੰਡਲ ਖੇਡਾਂ ਦੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਅਜਿਹੀਆਂ ਮੱਲਾਂ ਮਾਰਦੇ ਰਹਿਣ। ਉਨ੍ਹਾਂ ਆਸ ਪ੍ਰਗਟਾਈ ਕਿ ਖਿਡਾਰੀ ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਖ਼ਰੇ ਉਤਰਦੇ ਰਹਿਣਗੇ। ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ 42ਵੀਂ 'ਮਨ ਕੀ ਬਾਤ' ਵਿਚ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਸਿਹਤ ਸਬੰਧੀ ਮੁੱਦਾ ਉਠਾਇਆ ਸੀ।