
ਪੀਐਮ ਮੋਦੀ ਨੇ ਪੱਛਮੀ ਬੰਗਾਲ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਤ੍ਰਿਣਮੂਲ ਕਾਂਗਰਸ (TMC) ਦੇ 40 ਵਿਧਾਇਕ ਉਹਨਾਂ ਦੇ ਸੰਪਰਕ ਵਿਚ ਹਨ।
ਕੋਲਕਾਤਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਤ੍ਰਿਣਮੂਲ ਕਾਂਗਰਸ (TMC) ਦੇ 40 ਵਿਧਾਇਕ ਉਹਨਾਂ ਦੇ ਸੰਪਰਕ ਵਿਚ ਹਨ। ਇਸਦੇ ਨਾਲ ਹੀ ਉਹਨਾਂ ਕਿਹਾ ਕਿ 23 ਮਈ ਤੋਂ ਬਾਅਦ ਇਹ ਸਾਰੇ ਵਿਧਾਇਕ ਪਾਰਟੀ ਛੱਡ ਦੇਣਗੇ। ਬੰਗਾਲ ਦੇ ਸ੍ਰੀਰਾਮਪੁਰ ਵਿਚ ਪੀਐਮ ਮੋਦੀ ਨੇ ਕਿਹਾ ਕਿ ਪਹਿਲਾਂ ਸਿਰਫ ਮੋਦੀ ਨੂੰ ਗਾਲਾਂ ਦਿੱਤੀਆ ਜਾਂਦੀਆਂ ਸਨ ਹੁਣ ਈਵੀਐਮ ਨੂੰ ਵੀ ਗਾਲਾਂ ਦਿੱਤੀਆ ਜਾ ਰਹੀਆਂ ਹਨ।
TMC
ਪੀਐਮ ਮੋਦੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਗੁੰਡੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕ ਰਹੇ ਹਨ। ਉਹਨਾਂ ਕਿਹਾ ਕਿ ਵਿਰੋਧੀਆਂ ਦਾ ਪ੍ਰਚਾਰ ਅਭਿਆਨ ਮੋਦੀ ਨੂੰ ਗਾਲਾਂ ਦੇਣ ‘ਤੇ ਕੇਂਦਰਿਤ ਹੈ। ਉਹਨਾਂ ਕਿਹਾ ਕਿ ਜੇਕਰ ਤੁਸੀਂ ਇਹਨਾਂ ਨੂੰ ਕੱਢ ਦੇਵੋਗੇ ਤਾਂ ਕੁਝ ਨਹੀਂ ਬਚੇਗਾ। ਪੀਐਮ ਮੋਦੀ ਨੇ ਇਸ ਤੋਂ ਪਹਿਲਾਂ ਝਾਰਖੰਡ ਦੇ ਕੋਡਰਮਾ ਵਿਚ ਰੈਲੀ ਨੂੰ ਸੰਬੋਧਨ ਕੀਤਾ ਸੀ। ਕੋਡਰਮਾ ਵਿਚ ਪੀਐਮ ਮੋਦੀ ਨੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ‘ਮਿਸ਼ਨ ਮਹਾਮਿਲਾਵਟ’ ਪ੍ਰਤੀ ਸਾਵਧਾਨ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਵਿਰੋਧੀਆਂ ਦਾ ਮਹਾਂ ਗਠਜੋੜ ਦੇਸ਼ ਵਿਚ ਸੰਪੂਰਨ ਬਹੁਮਤ ਦੀ ਸਰਕਾਰ ਨਹੀਂ ਚਾਹੁੰਦਾ।
Lok Sabha Elections
ਝਾਰਖੰਡ ਦੇ ਕੋਡਰਮਾ ਵਿਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਲਜ਼ਾਮ ਲਗਾਇਆ ਕਿ ਵਿਰੋਧੀ ਇਕ ਕਮਜ਼ੋਰ ਸਰਕਾਰ ਚਾਹੁੰਦੇ ਹਨ ਜਿਸ ਨੂੰ ਉਹ ‘ਰਿਮੋਟ ਕੰਟਰੋਲ’ ਨਾਲ ਚਲਾ ਸਕੇ। ਪੀਐਮ ਮੋਦੀ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿੱਥੇ ਇਹਨਾਂ ਨੂੰ ਅਪਣਾ ਵੋਟ ਬੈਂਕ ਨਹੀਂ ਦਿਖਦਾ ਇਹ ਲੋਕ ਉਸ ਇਲਾਕੇ ਨੂੰ ਗਰੀਬ ਬਣਾ ਕੇ ਰੱਖਦੇ ਹਨ।