ਪਾਰਟੀ ਨੇ ਔਰਤਾਂ ਦੀ ਆਤਮ ਨਿਰਭਰਤਾ ਨੂੰ ਉਤਸ਼ਾਹਤ ਕਰਨ ਦਾ ਵੀ ਵਾਅਦਾ ਕੀਤਾ ਹੈ ਤਾਂ ਜੋ ‘ਗੁਜ਼ਾਰਾ ਭੱਤੇ ਦੇ ਨਾਂ ’ਤੇ ਮਰਦਾਂ ਨੂੰ ਪਰੇਸ਼ਾਨ’ ਨਾ ਕੀਤਾ ਜਾਵੇ
ਲਖਨਊ: ਲੋਕ ਸਭਾ ਚੋਣਾਂ ’ਚ ਹੋਰ ਸਿਆਸੀ ਪਾਰਟੀਆਂ ਦੇ ਉਲਟ ‘ਮੇਰਾ ਅਧਿਕਾਰ ਕੌਮੀ ਦਲ’ (ਐਮ.ਏ.ਆਰ.ਡੀ.) ਦੀ ਜਿੱਤ ਜਾਂ ਹਾਰ ਕੋਈ ਮਾਇਨੇ ਨਹੀਂ ਰਖਦੀ ਪਰ ਇਸ ਪਾਰਟੀ ਨੇ ਮਰਦਾਂ ਦੀ ਆਵਾਜ਼ ਬਣਨ ਅਤੇ ਮਰਦਾਂ ਦੇ ਸਨਮਾਨ ਦੀ ਰਾਖੀ ਲਈ ਚੋਣ ਮੈਦਾਨ ’ਚ ਅਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਹੈ।
ਸਾਲ 2018 ’ਚ ਅਪਣੀ ਸਥਾਪਨਾ ਤੋਂ ਲੈ ਕੇ ਹੁਣ ਤਕ ਐੱਮ.ਏ.ਆਰ.ਡੀ. ਨੇ ਜਿੰਨੀਆਂ ਵੀ ਸੀਟਾਂ ’ਤੇ ਚੋਣ ਲੜੀ ਹੈ, ਉਨ੍ਹਾਂ ’ਚ ਉਸ ਦੀ ਜ਼ਮਾਨਤ ਜ਼ਬਤ ਹੋ ਚੁਕੀ ਹੈ ਪਰ ਇਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਚੋਣ ਹਾਰ ਤੋਂ ਡਰੇ ਨਹੀਂ ਹਨ। ਲੋਕ ਸਭਾ ਚੋਣਾਂ-2024 ਲਈ ਜਾਰੀ ਅਪਣੇ ਚੋਣ ਮੈਨੀਫ਼ੈਸਟੋ ’ਚ ਪਾਰਟੀ ਨੇ ‘ਪੁੱਤਰਾਂ ਦੇ ਸਨਮਾਨ ’ਚ ਮਰਦ ਉਤਰੇ ਮੈਦਾਨ ’ਚ’ ਦਾ ਨਾਅਰਾ ਦਿਤਾ ਹੈ। ਪਾਰਟੀ ਨੇ ਹੁਣ ਤਕ ਤਿੰਨ ਸੀਟਾਂ (ਲਖਨਊ, ਰਾਂਚੀ ਅਤੇ ਗੋਰਖਪੁਰ) ਲਈ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ।
‘ਐਮ.ਏ.ਆਰ.ਡੀ.’ (ਮਰਦ) ਇਸ ਤੋਂ ਪਹਿਲਾਂ ਸੱਤ ਵੱਖ-ਵੱਖ ਸੀਟਾਂ ’ਤੇ ਹੋਈਆਂ ਚੋਣਾਂ ’ਚ ਹਿੱਸਾ ਲੈ ਚੁੱਕਾ ਹੈ। ਉਸ ਨੇ 2019 ’ਚ ਵਾਰਾਣਸੀ ਅਤੇ ਲਖਨਊ ’ਚ ਲੋਕ ਸਭਾ ਚੋਣਾਂ, 2020 ’ਚ ਬੰਗੜਮਊ ਵਿਧਾਨ ਸਭਾ ਸੀਟ, ਬਰੇਲੀ, ਲਖਨਊ, ਉੱਤਰ ਬਖਸ਼ੀ ਕਾ ਤਲਾਬ (ਲਖਨਊ) ਅਤੇ ਚੌਰੀ ਚੌਰਾ (ਗੋਰਖਪੁਰ) ਸੀਟਾਂ ਲਈ ਉਪ ਚੋਣ ਲੜੀ। ਐਮ.ਏ.ਆਰ.ਡੀ. ਦੇ ਕੌਮੀ ਜਨਰਲ ਸਕੱਤਰ ਆਸ਼ੂਤੋਸ਼ ਕੁਮਾਰ ਪਾਂਡੇ ਨੇ ਕਿਹਾ, ‘‘ਅਸੀਂ ਮਰਦਾਂ ਦੇ ਸਨਮਾਨ ’ਚ ਔਰਤਾਂ ਦੀ ਸੁਰੱਖਿਆ ਦੇ ਨਾਮ ’ਤੇ ਦੱਬੇ-ਕੁਚਲੇ ਅਤੇ ਸ਼ੋਸ਼ਿਤ ਲੋਕਾਂ ਲਈ ਅਪਣੀ ਆਵਾਜ਼ ਬੁਲੰਦ ਕਰਨ ਲਈ ਮੈਦਾਨ ’ਚ ਆਏ ਹਾਂ। ਜਿੱਤ-ਹਾਰ ਸਾਡੇ ਲਈ ਕੋਈ ਅਰਥ ਨਹੀਂ ਰਖਦੀ।’’
ਇਸ ਵਾਰ ਚੋਣ ਲੜ ਰਹੇ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਨਤੀਜਿਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਮੰਨਿਆ ਕਿ ਇਸ ਵਾਰ ਵੀ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਸਕਦੀ ਹੈ। ਪਾਂਡੇ ਨੇ ਕਿਹਾ, ‘‘ਸਾਡੇ ਕੋਲ਼ ਬਹੁਤ ਸਾਰੇ ਸਰੋਤ ਨਹੀਂ ਹਨ ਅਤੇ ਅਸੀਂ ਦਾਨ ਵੀ ਨਹੀਂ ਲੈਂਦੇ। ਸਾਡੇ ਉਮੀਦਵਾਰ ਅਪਣੇ ਖਰਚੇ ’ਤੇ ਚੋਣਾਂ ਲੜਦੇ ਹਨ। ਚੋਣਾਂ ਲੜਨ ਦਾ ਫਾਇਦਾ ਇਹ ਹੈ ਕਿ ਹੁਣ ਮਰਦਾਂ ਦੇ ਮੁੱਦੇ ਚੁੱਕਣ ਲਈ ਹੋਰ ਪਾਰਟੀਆਂ ਅੱਗੇ ਆ ਰਹੀਆਂ ਹਨ।’’
ਪਾਰਟੀ ਦੇ ਕੌਮੀ ਪ੍ਰਧਾਨ ਕਪਿਲ ਮੋਹਨ ਨੇ ਕਿਹਾ, ‘‘ਅੱਧੀ ਆਬਾਦੀ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਕੋਸ਼ਿਸ਼ ਵਿਚ ਮਰਦਾਂ ਨੂੰ ਦਬਾਇਆ ਜਾਂਦਾ ਹੈ। ਪਾਰਟੀ ਇਸ ਮੁੱਦੇ ਨੂੰ ਉਜਾਗਰ ਕਰਨਾ ਚਾਹੁੰਦੀ ਹੈ ਤਾਂ ਜੋ ਲੋਕ ਇਸ ਵਲ ਧਿਆਨ ਦੇਣ।’’
ਪਾਰਟੀ ਦੇ ਚੋਣ ਐਲਾਨਨਾਮੇ ’ਚ ਵਾਅਦਾ ਕੀਤਾ ਗਿਆ ਹੈ ਕਿ ਮਰਦਾਂ ਦੀ ਭਲਾਈ ਲਈ ਇਕ ਵੱਖਰਾ ਮੰਤਰਾਲਾ ਅਤੇ ਇਕ ਕੌਮੀ ਪੁਰਸ਼ ਕਮਿਸ਼ਨ ਬਣਾਇਆ ਜਾਵੇਗਾ ਤਾਂ ਜੋ ਕੋਈ ਵੀ ਨੀਤੀ ਜਾਂ ਕਾਨੂੰਨ ਬਣਾਉਣ ਤੋਂ ਪਹਿਲਾਂ ਮਰਦਾਂ ਦੇ ਵਿਚਾਰਾਂ ਨੂੰ ਧਿਆਨ ’ਚ ਰੱਖਿਆ ਜਾ ਸਕੇ। ਪਾਂਡੇ ਨੇ ਕਿਹਾ ਕਿ ਇਸ ਨਾਲ ਮਰਦਾਂ ਦੀ ਸਿਹਤ, ਸੁਰੱਖਿਆ ਅਤੇ ਸਨਮਾਨ ਨੂੰ ਧਿਆਨ ’ਚ ਰਖਦੇ ਹੋਏ ਯੋਜਨਾ ਬਣਾਉਣ ’ਚ ਮਦਦ ਮਿਲੇਗੀ।
ਐਮ.ਏ.ਆਰ.ਡੀ. ਨੇ ਮਰਦਾਂ ਨੂੰ ‘ਔਰਤਾਂ ਲਈ ਬਣਾਏ ਕਾਨੂੰਨਾਂ’ ਦੇ ਸੋਸ਼ਣ ਤੋਂ ਬਚਾਉਣ ਲਈ ਮਰਦਾਂ ਦੀ ਸੁਰੱਖਿਆ ਬਿਲ ਲਿਆਉਣ ਦਾ ਵੀ ਵਾਅਦਾ ਕੀਤਾ। ਪਾਂਡੇ ਨੇ ਕਿਹਾ ਕਿ ਮਰਦਾਂ ਦੀ ਆਵਾਜ਼ ਸੁਣਨ ਨੂੰ ਯਕੀਨੀ ਬਣਾਉਣ ਲਈ ਪਾਰਟੀ ਨੇ ਮਹਿਲਾ ਪਾਵਰ ਲਾਈਨ ਦੀ ਤਰਜ਼ ’ਤੇ ‘ਮੈੱਨ ਪਾਵਰ ਲਾਈਨ’ ਬਣਾਉਣ ਦਾ ਵਾਅਦਾ ਕੀਤਾ ਹੈ। ਇਹ ਉਸੇ ਤਰ੍ਹਾਂ ਹੋਵੇਗਾ ਜਿਵੇਂ ਹੈਲਪਲਾਈਨ (ਮਹਿਲਾ ਪਾਵਰ ਲਾਈਨ) ਔਰਤਾਂ ਨੂੰ ਪਰੇਸ਼ਾਨੀ, ਪਿੱਛਾ ਕਰਨ ਆਦਿ ਦੇ ਮਾਮਲਿਆਂ ’ਚ ਤੁਰਤ ਸਹਾਇਤਾ ਪ੍ਰਦਾਨ ਕਰਦੀ ਹੈ।
ਪਾਂਡੇ ਨੇ ਕਿਹਾ ਕਿ ਪਾਰਟੀ ਨੇ ਔਰਤਾਂ ਦੀ ਆਤਮ ਨਿਰਭਰਤਾ ਨੂੰ ਉਤਸ਼ਾਹਤ ਕਰਨ ਦਾ ਵੀ ਵਾਅਦਾ ਕੀਤਾ ਹੈ ਤਾਂ ਜੋ ‘ਗੁਜ਼ਾਰਾ ਭੱਤੇ ਦੇ ਨਾਂ ’ਤੇ ਮਰਦਾਂ ਨੂੰ ਪਰੇਸ਼ਾਨ’ ਨਾ ਕੀਤਾ ਜਾਵੇ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਹਰ ਰੋਜ਼ 200 ਤੋਂ ਵੱਧ ਆਦਮੀ ਖੁਦਕੁਸ਼ੀ ਕਰਦੇ ਹਨ ‘ਕਿਉਂਕਿ ਕੋਈ ਵੀ ਉਨ੍ਹਾਂ ਦੀ ਸਹੀ ਤਰ੍ਹਾਂ ਨਹੀਂ ਸੁਣਦਾ’। ਉਨ੍ਹਾਂ ਕਿਹਾ ਕਿ ਲੋਕ ਹੌਲੀ-ਹੌਲੀ ਮਰਦਾਂ ਦੇ ਅਧਿਕਾਰਾਂ ਬਾਰੇ ਵਧੇਰੇ ਜਾਗਰੂਕ ਹੋਣਗੇ ਅਤੇ ਇਹੀ ਉਨ੍ਹਾਂ ਦਾ ਉਦੇਸ਼ ਹੈ।