
ਜ਼ਿਆਦਾਤਰ ਕੈਂਪ ਭਾਰਤ 'ਚ ਘੁਸਪੈਠ ਕਰਨ ਦੀ ਤਿਆਰ ਕਰ ਰਹੇ ਹਨ
ਨਵੀਂ ਦਿੱਲੀ : ਭਾਰਤੀ ਫ਼ੌਜ ਨੇ ਕਸ਼ਮੀਰ ਘਾਟੀ 'ਚ ਅਤਿਵਾਦੀਆਂ ਦੇ ਖ਼ਾਤਮੇ ਦੀ ਮੁਹਿੰਮ ਚਲਾਈ ਹੋਈ ਹੈ। ਸਰਹੱਦ ਪਾਰ ਤੋਂ ਲਗਾਤਾਰ ਅਤਿਵਾਦੀ ਦੇਸ਼ ਅੰਦਰ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਭਾਰਤੀ ਖੁਫ਼ੀਆ ਏਜੰਸੀਆਂ ਨੂੰ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਮਕਬੂਜ਼ਾ ਕਸ਼ਮੀਰ (ਪੀਓਕੇ) 'ਚ ਇਸ ਸਮੇਂ 16 ਅਤਿਵਾਦੀ ਟ੍ਰੇਨਿੰਗ ਕੈਂਪ ਚੱਲ ਰਹੇ ਹਨ। ਇਨ੍ਹਾਂ ਕੈਂਪਾਂ 'ਚ ਅਤਿਵਾਦੀਆਂ ਨੂੰ ਕਸ਼ਮੀਰ ਘਾਟੀ 'ਚ ਘੁਸਪੈਠ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
Terrorist-1
ਫ਼ੌਜ ਦੇ ਸੂਤਰਾਂ ਮੁਤਾਬਕ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਵੱਡਾ ਝਟਕਾ ਲੱਗਾ ਹੈ, ਕਿਉਂਕਿ ਕਸ਼ਮੀਰ ਘਾਟੀ ਦੇ ਸਥਾਨਕ ਨੌਜਵਾਨਾਂ ਤੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਹੈ। ਸੁਰੱਖਿਆ ਫ਼ੌਜ ਲਗਾਤਾਰ ਅਤਿਵਾਦੀਆਂ ਦੇ ਕਮਾਂਡਰਾਂ ਅਤੇ ਲੜਾਕਿਆਂ ਨੂੰ ਮਾਰ ਰਹੀ ਹੈ। ਰਿਪੋਰਟ ਮੁਤਾਬਕ ਐਲਓਸੀ ਦੇ ਉਸ ਪਾਰ 16 ਅਤਿਵਾਦੀ ਕੈਂਪ ਸਰਗਰਮ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਕੈਂਪ ਘੁਸਪੈਠ ਕਰਨ ਲਈ ਤਿਆਰ ਕਰ ਰਹੇ ਹਨ। ਫ਼ੌਜ ਦਾ ਕਹਿਣਾ ਹੈ ਕਿ ਗਰਮੀ 'ਚ ਬਰਫ਼ ਪਿਘਲਣ ਤੋਂ ਬਾਅਦ ਸਰਹੱਦ ਪਾਰ ਤੋਂ ਅਤਿਵਾਦੀਆਂ ਦੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਵੱਧ ਜਾਂਦੀਆਂ ਹਨ।
Terrorist-2
ਹਾਲ ਹੀ 'ਚ ਜਾਕਿਰ ਮੂਸਾ ਦੀ ਮੌਤ ਤੋਂ ਬਾਅਦ ਅਤਿਵਾਦੀ ਸੰਗਠਨ ਪੂਰੀ ਤਰ੍ਹਾਂ ਪ੍ਰੇਸ਼ਾਨ ਹੈ। ਫ਼ੌਜ ਦਾ ਕਹਿਣਾ ਹੈ ਕਿ ਘਾਟੀ 'ਚ ਸ਼ਾਂਤੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਘਾਟੀ ਤੋਂ ਕੋਈ ਬੁਰੀ ਖ਼ਬਰ ਸਾਹਮਣੇ ਨਹੀਂ ਆਈ ਹੈ।