
ਨਮਕੀਨ ਅਤੇ ਫਾਸਟ ਫੂਡ ਦੇ ਖੇਤਰ ਵਿਚ ਵਿਸ਼ਵ ਪ੍ਰਸਿੱਧ ਹਲਦੀਰਾਮ ਕੰਪਨੀ ਇਕ ਨਵੇਂ ਵਿਵਾਦ ਵਿਚ ਉਲਝ ਗਈ ਹੈ...
ਚੰਡੀਗੜ੍ਹ : ਨਮਕੀਨ ਅਤੇ ਫਾਸਟ ਫੂਡ ਦੇ ਖੇਤਰ ਵਿਚ ਵਿਸ਼ਵ ਪ੍ਰਸਿੱਧ ਹਲਦੀਰਾਮ ਕੰਪਨੀ ਇਕ ਨਵੇਂ ਵਿਵਾਦ ਵਿਚ ਉਲਝ ਗਈ ਹੈ। ਹਲਦੀਰਾਮ ਕੰਪਨੀ ਨੇ ਅਪਣੇ ਇਕ ਨਮਕੀਨ ਦੇ ਪੈਕੇਟ 'ਤੇ ਕਥਿਤ ਤੌਰ 'ਤੇ ਦਰਬਾਰ ਸਾਹਿਬ ਦੀ ਤਸਵੀਰ ਛਾਪੀ ਹੈ, ਜਿਸ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਸਿੱਖ ਸੰਗਠਨਾਂ ਨੇ ਜਿੱਥੇ ਇਸ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ, ਉਥੇ ਹੀ ਐਸਜੀਪੀਸੀ ਨੇ ਹਲਦੀਰਾਮ ਕੰਪਨੀ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰ ਦਿਤਾ ਹੈ।
sgpc
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤ ਨੂੰ ਵਿਵਾਦਤ ਤਸਵੀਰ ਵਾਲੀ ਨਮਕੀਨ ਨਾ ਖ਼ਰੀਦਣ ਦੀ ਵੀ ਅਪੀਲ ਕੀਤੀ ਹੈ। ਐਸਜੀਪੀਸੀ ਨੇ ਵਿਸ਼ਵ ਪ੍ਰਸਿੱਧ ਕੰਪਨੀ ਦੇ ਵਿਰੁਧ ਇਹ ਕਾਰਵਾਈ ਜਿੱਥੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਤਸਵੀਰ ਦੇ ਆਧਾਰ 'ਤੇ ਕੀਤੀ ਹੈ, ਉਥੇ ਹੀ ਸੋਸ਼ਲ ਸਾਈਟਾਂ ਤੋਂ ਇਸ ਤਸਵੀਰ ਨੂੰ ਵੀ ਹਟਾ ਦਿਤਾ ਗਿਆ ਹੈ। ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਵਿਚ ਆਉਣ ਕੁੱਝ ਸ਼ਰਧਾਲੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅਤੇ ਦਰਬਾਰ ਸਾਹਿਬ ਪ੍ਰਬੰਧਕਾਂ ਨੂੰ ਇਸ ਬਾਰੇ ਵਿਚ ਸੂਚਿਤ ਕੀਤਾ
Haldiram Company
ਕਿ ਹਲਦੀਰਾਮ ਕੰਪਨੀ ਦੁਆਰਾ ਅਪਣੇ ਇਕ ਨਮਕੀਨ ਉਤਪਾਦ ਦੇ ਰੈਪਰ 'ਤੇ ਦਰਬਾਰ ਸਾਹਿਬ ਦੀ ਤਸਵੀਰ ਪ੍ਰਕਾਸ਼ਤ ਕੀਤੀ ਹੈ। ਹਾਲਾਂਕਿ ਕੰਪਨੀ ਪ੍ਰਬੰਧਕਾਂ ਨੇ ਇਸ ਕਥਿਤ ਤਸਵੀਰ ਦੇ ਨਾਲ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾਕ੍ਰਮ ਦੀ ਨਿੰਦਾ ਕਰਦੇ ਹੋਏ ਹਲਦੀਰਾਮ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰ ਦਿਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਿਆ ਕਿ ਹਲਦੀਰਾਮ ਭੁਜੀਆਵਾਲਾ ਕੰਪਨੀ ਵਲੋਂ ਨਮਕੀਨ ਦੇ ਪੈਕੇਟ 'ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਹੈ।
gobind singh longowal
ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੌਂਗੋਵਾਲ ਨੇ ਦਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬੰਧਤ ਕੰਪਨੀ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਦਿਤਾ ਹੈ। ਲੌਂਗੋਵਾਲ ਨੇ ਸਮੁੱਚੇ ਦੇਸ਼ ਦੀ ਸਿੱਖ ਸੰਗਤ ਨੂੰ ਹਲਦੀਰਾਮ ਦੀ ਦਰਬਾਰ ਸਾਹਿਬ ਦੀ ਤਸਵੀਰ ਵਾਲੀ ਨਮਕੀਨ ਨਾ ਖ਼ਰੀਦਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਦਰਬਾਰ ਸਾਹਿਬ ਸਮੁੱਚੀ ਮਾਨਵਤਾ ਦੀ ਆਸਥਾ ਦਾ ਪ੍ਰਤੀਕ ਹੈ, ਜਿਸ ਦੇ ਨਾਲ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਕਿਸੇ ਨੂੰ ਵੀ ਇਸ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
sgpc
ਉਨ੍ਹਾਂ ਕਿਹਾ ਕਿ ਹਲਦੀਰਾਮ ਪ੍ਰਬੰਧਕਾਂ ਦੀ ਕਾਰਵਾਈ ਨਾਲ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੋਬਿੰਦ ਸਿੰਘ ਲੌਂਗੋਵਾਲ ਨੇ ਸਮੁੱਚੇ ਦੇਸ਼ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਹਲਦੀਰਾਮ ਦੀ ਉਸ ਨਮਕੀਨ ਨੂੰ ਨਾ ਖ਼ਰੀਦਣ, ਜਿਸ 'ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪੀ ਹੋਈ ਹੈ।