
ਪੰਥਕ ਤਾਲਮੇਲ ਸੰਗਠਨ ਜੰਮੂ ਕਸ਼ਮੀਰ ਦੇ ਮੈਂਬਰਾਂ ਵਲੋਂ ਅੱਜ ਇਕ ਹੰਗਾਮੀ ਬੈਠਕ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਫ਼ਤਿਹ
ਜੰਮੂ, 28 ਜੂਨ (ਸਰਬਜੀਤ ਸਿੰਘ): ਪੰਥਕ ਤਾਲਮੇਲ ਸੰਗਠਨ ਜੰਮੂ ਕਸ਼ਮੀਰ ਦੇ ਮੈਂਬਰਾਂ ਵਲੋਂ ਅੱਜ ਇਕ ਹੰਗਾਮੀ ਬੈਠਕ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਗਾਂਧੀ ਨਗਰ ਜੰਮੂ ਵਿਖੇ ਕੀਤੀ ਗਈ ਜਿਸ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼-ਪੁਰਬ ਖ਼ਾਲਸਾ ਪੰਥ ਵਲੋਂ ਮਿਥੀ ਹੋਈ ਪੱਕੀ ਤਰੀਕ 5 ਜੁਲਾਈ ਨੂੰ ਮਨਾਇਆ ਜਾਵੇਗਾ।
ਇਸ ਸਬੰਧ ਵਿਚ ਸਮੂਹ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਅਪਣੇ-ਅਪਣੇ ਇਲਾਕੇ ਦੇ ਗੁਰਦੁਆਰਾ ਸਾਹਿਬ ਦੇ ਗੁਰਸਿੱਖ ਪ੍ਰਬੰਧਕਾਂ ਨਾਲ ਮਿਲ ਕੇ ਗੁਰਪੁਰਬ ਪਿਆਰ ਤੇ ਸ਼ਰਧਾ ਭਾਵਨਾ ਨਾਲ ਮਨਾਉਣ। ਬੈਠਕ ਵਿਚ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਅਸੀਂ ਅਪਣਾ ਤੇ ਅਪਣੇ ਪ੍ਰਵਾਰ ਦੇ ਜਨਮ-ਮਰਨ ਦੇ ਦਿਨ ਨਹੀਂ ਬਦਲਦੇ ਤਾਂ ਹਰ ਸਾਲ ਗੁਰੂ ਸਾਹਿਬਾਨ ਦੇ ਗੁਰਪੁਰਬ ਦੀਆਂ ਤਰੀਕਾਂ ਬਦਲਣ ਦਾ ਸਾਨੂੰ ਕੀ ਅਧਿਕਾਰ ਹੈ? ਇਹ ਗੁਰੂ ਸਾਹਿਬ ਨਾਲ ਧੋਖਾ, ਗ਼ਦਾਰੀ ਅਤੇ ਬੇ-ਇਨਸਾਫ਼ੀ ਨਹੀ ਤਾਂ ਹੋਰ ਕੀ ਹੈ?
File Photo
ਪੰਥਕ ਤਾਲਮੇਲ ਸੰਗਠਨ ਨੇ ਇਸ ਗੱਲ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਗੁਰੂ ਹਰਿਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਤਿੰਨ ਤਰੀਕਾਂ ਵਿਚ ਵੰਡ ਕੇ ਜੰਮੂ ਕਸ਼ਮੀਰ ਦੀ ਸਿੱਖ ਸੰਗਤਾਂ ਨਾਲ ਧ੍ਰੋਹ ਕਮਾਇਆ ਗਿਆ ਹੈ । ਪੰਥਕ ਤਾਲਮੇਲ ਸੰਗਠਨ ਨੇ ਕਸ਼ਮੀਰ ਦੀਆਂ ਸਾਰੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾਂ ਜਿਨ੍ਹਾਂ ਵਿਚ ਸ੍ਰੀਨਗਰ, ਅਨੰਤਨਾਗ, ਕੁਪਵਾੜਾ, ਸ਼ੋਪੀਆਂ, ਪੁਲਵਾਮਾ, ਬਡਗਾਮ, ਬਾਂਡੀਪੁਰਾ, ਬਾਰਾਮੂਲਾ ਆਦਿ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਰੇ ਗੁਰਪੁਰਬ ਮਨਾਉਣ 'ਤੇ ਵਧਾਈ ਦਿਤੀ।
ਬੈਠਕ ਵਿਚ ਸੁਰਜੀਤ ਸਿੰਘ ਗਾਡੀਗੜ, ਹਰਮੀਤ ਸਿੰਘ , ਗੁਰਮੀਤ ਸਿੰਘ ਪ੍ਰੀਤ ਨਗਰ , ਮੱਖਣ ਸਿੰਘ, ਸਤਪਾਲ ਸਿੰਘ ਸਿੰਬਲ ਕੈਂਪ,ਪਰਮਜੀਤ ਸਿੰਘ,ਅਮਰਜੀਤ ਸਿੰਘ,ਬਲਵੀਰ ਸਿੰਘ, ਹਰਜੀਤ ਸਿੰਘ, ਹਰਭਜਨ ਸਿੰਘ, ਆਰ.ਪੀ ਸਿੰਘ, ਨਵਜੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।